ਨਿਊਜ਼ ਡੈਸਕ (ਜਸਕਮਲ) : ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੂੰ ਪਟਿਆਲਾ ਸ਼ਹਿਰੀ ਇਲਾਕੇ 'ਚ ਪ੍ਰਚਾਰ ਕਰਨ ਤੋਂ ਰੋਕਿਆ ਗਿਆ ਹੈ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਉਹ ਚੋਣ ਪ੍ਰਚਾਰ ਲਈ ਪਟਿਆਲਾ ਦਾਖ਼ਲ ਹੋਣ ਲੱਗੇ ਤਾਂ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਇਹ ਕਹਿ ਕੇ ਰੋਕ ਦਿੱਤਾ ਕਿ ਫਿਲਹਾਲ ਪ੍ਰਸ਼ਾਸਨਿਕ ਹੁਕਮਾਂ ਮੁਤਾਬਿਕ ਸ਼ਹਿਰ ਵਿਚ "ਧਾਰਾ-144 ਲਾਗੂ ਹੈ ਤੇ 5 ਲੋਕਾਂ ਤੋਂ ਜ਼ਿਆਦਾ ਦੇ ਇਕੱਠ ਨੂੰ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ"।
ਇਸ ਉਪਰੰਤ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਕੈਪਟਨ ਨੇ ਸਾਢੇ 4 ਸਾਲ ਸਿਸਵਾ ਮਹਿਲ ਦੇ ਦਰਵਾਜ਼ੇ ਲੋਕਾਂ ਲਈ ਬੰਦ ਰੱਖੇ ਸਨ ਪਰ ਹੁਣ ਲੋਕ ਇਸ ਮਹਿਲ ਦੇ ਦਰਵਾਜ਼ੇ ਬਾਹਰੋਂ ਬੰਦ ਕਰ ਦੇਣਗੇ। ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼ੁੱਕਰਵਾਰ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ, ਜਿਸ ਤਹਿਤ ਹਰ ਸਿਆਸੀ ਪਾਰਟੀ ਦੇ ਆਗੂਆਂ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ।