
ਨਿਊਜ਼ ਡੈਸਕ (ਜਸਕਮਲ) : ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ (Parkash Singh Badal) 94 ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਦੇ ਸ਼ੁਭਚਿੰਤਕ ਵਧਾਈਆਂ ਦੇ ਰਹੇ ਹਨ। 7 ਦਸੰਬਰ 1927 ਨੂੰ ਪਿੰਡ ਅਬੁਲ ਖੁਰਾਣਾ 'ਚ ਜਨਮੇ ਪ੍ਰਕਾਸ਼ ਸਿੰਘ ਬਾਦਲ ਨੇ ਫੋਰਮੈਨ ਕ੍ਰਿਸ਼ਚਨ ਕਾਲਜ ਲਾਹੌਰ ਤੋਂ ਵਿਦਿਆ ਹਾਸਲ ਕੀਤੀ।
ਉਨ੍ਹਾਂ 1947 'ਚ ਰਾਜਨੀਤੀ ਸ਼ੁਰੂ ਕੀਤੀ ਤੇ ਸਭ ਤੋਂ ਪਹਿਲਾਂ ਪਿੰਡ ਬਾਦਲ ਦੇ ਸਰਪੰਚ ਬਣੇ। ਇਸ ਮਗਰੋਂ ਉਹ ਬਲਾਕ ਸੰਮਤੀ ਲੰਬੀ ਦੇ ਚੇਅਰਮੈਨ ਬਣੇ। ਉਹ 1957 'ਚ ਪਹਿਲੀ ਵਾਰ ਵਿਧਾਇਕ ਚੁਣੇ ਗਏ। ਪ੍ਰਕਾਸ਼ ਸਿੰਘ ਬਾਦਲ 1970 ਵਿਚ ਪਹਿਲੀ ਵਾਰ ਅਤੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣੇ। ਮਾਰਚ 2012 'ਚ ਉਹ ਪੰਜਾਬ ਦੇ ਸਭ ਤੋਂ ਵੱਡੀ ਉਮਰ ਦੇ ਮੁੱਖ ਮੰਤਰੀ ਬਣੇ। ਪ੍ਰਕਾਸ਼ ਸਿੰਘ ਬਾਦਲ ਨੇ ਵੱਖ-ਵੱਖ ਮੋਰਚਿਆਂ ਦੀ ਅਗਵਾਈ ਵੀ ਕੀਤੀ ਤੇ 17 ਸਾਲਾਂ ਤਕ ਜੇਲ੍ਹ ਵੀ ਕੱਟੀ ਹੈ।
ਪ੍ਰਕਾਸ਼ ਸਿੰਘ ਬਾਦਲ ਨੂੰ 30 ਮਾਰਚ 2015 ਨੁੰ ਤਤਕਾਲੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਵੱਲੋਂ ਪਦਮ ਵਿਭੂਸ਼ਣ ਨਾਲ ਸਨਮਾਨਤ ਕੀਤਾ ਗਿਆ। ਉਨ੍ਹਾਂ ਨੂੰ 11 ਦਸੰਬਰ 2011 ਨੁੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਰਤਨ ਫਖ਼ਰ-ਏ-ਕੌਮ ਐਵਾਰਡ ਨਾਲ ਵੀ ਸਨਮਾਨਤ ਕੀਤਾ ਗਿਆ।