ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਮ ਤੌਰ ’ਤੇ ਜਦੋਂ ਵੀ ਸਰਕਾਰੀ ਸਮਾਰੋਹ ਹੁੰਦਾ ਹੈ ਤਾਂ ਬੱਸਾਂ ਨੂੰ ਵਗਾਰ ’ਤੇ ਭੇਜਿਆ ਜਾਂਦਾ ਹੈ। ਇਸ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਜਾਂਦੀਆਂ ਹਨ ਤਾਂ ਜੋ ਉਹ ਬੱਸਾਂ ਦਾ ਮੁਕੰਮਲ ਪ੍ਰਬੰਧ ਕਰ ਸਕਣ। ਅਧਿਕਾਰੀ ਆਪਣੇ ਹਿਸਾਬ ਨਾਲ ਬੱਸਾਂ ਦਾ ਪ੍ਰਬੰਧ ਕਰਦੇ ਹਨ। ਇਸ ਵਾਰ ਵੀ ਸਰਕਾਰੀ ਪ੍ਰੋਗਰਾਮ ਵਿਚ ਬੱਸਾਂ ਨੂੰ ਭੇਜਿਆ ਗਿਆ ਪਰ ਉਸ ਲਈ ਵਗਾਰ ਨਹੀਂ ਪਾਈ ਗਈ, ਜੋ ਬਦਲਾਅ ਵੱਲ ਇਸ਼ਾਰਾ ਕਰਦਾ ਹੈ।
ਅਧਿਕਾਰੀ ਦੱਸਦੇ ਹਨ ਕਿ ਇਸ ਵਾਰ ਬੱਸਾਂ ਭੇਜਣ ਨਾਲ ਪੰਜਾਬ ਦੇ ਸਾਰੇ ਡਿਪੂਆਂ ਨੂੰ ਲਾਭ ਮਿਲਿਆ ਹੈ। ਮੌਜੂਦਾ ਸਮੇਂ ਵਿਚ ਆਲਮ ਇਹ ਹੈ ਕਿ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ. ਆਰ. ਟੀ. ਸੀ. ਕੋਲ ਡੀਜ਼ਲ ਪੁਆਉਣ ਲਈ ਫੰਡ ਦੀ ਬੇਹੱਦ ਕਮੀ ਚੱਲ ਰਹੀ ਹੈ। ਪਿਛਲੇ ਹਫ਼ਤੇ ਠੇਕਾ ਕਰਮਚਾਰੀਆਂ ਨੂੰ ਤਨਖ਼ਾਹ ਦੇਣ ਲਈ ਮਹਿਕਮੇ ਨੂੰ ਐੱਫ਼. ਡੀ. ਦੇ ਰੂਪ ਵਿਚ ਰੱਖੇ ਗਏ ਫੰਡਾਂ ਦੀ ਵਰਤੋਂ ਕਰਨੀ ਪਈ।
ਅਜਿਹੇ ਹਾਲਾਤ ਵਿਚ ਮਹਿਕਮੇ ਨੂੰ ਸਰਕਾਰੀ ਪ੍ਰੋਗਰਾਮ ਵਿਚ ਬੱਸਾਂ ਭੇਜਣੀਆਂ ਬੇਹੱਦ ਲਾਭਦਾਇਕ ਰਹੀਆਂ। ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਵਿਚ ਆਯੋਜਿਤ ਪ੍ਰੋਗਰਾਮ ਵਿਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਡਿਪੂਆਂ ਨੇ 1000 ਤੋਂ ਜ਼ਿਆਦਾ ਬੱਸਾਂ ਭੇਜੀਆਂ, ਜਿਸ ਨਾਲ ਮਹਿਕਮੇ ਨੂੰ 45 ਲੱਖ ਤੋਂ ਜ਼ਿਆਦਾ ਦੀ ਰਾਸ਼ੀ ਪ੍ਰਾਪਤ ਹੋਈ, ਜੋਕਿ ਸ਼ੁੱਧ ਲਾਭ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ।