ਨਿਊਜ਼ ਡੈਸਕ : ਦੂਰਸੰਚਾਰ ਵਿਭਾਗ (DoT) ਵੱਲੋਂ ਬੁੱਧਵਾਰ ਨੂੰ ਇੱਕ ਨਵਾਂ ਨਿਯਮ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਜ਼ਿਆਦਾ ਸਿਮ ਰੱਖਣ ਦੀ ਛੋਟ ਨੂੰ ਖਤਮ ਕਰ ਦਿੱਤਾ ਗਿਆ ਹੈ। ਦੂਰਸੰਚਾਰ ਵਿਭਾਗ (Telecom Department) ਦੇ ਨਵੇਂ ਨਿਯਮਾਂ ਅਨੁਸਾਰ ਹੁਣ 9 ਤੋਂ ਵੱਧ ਸਿਮ (Sim Card) ਰੱਖਣ ਵਾਲੇ ਖਪਤਰਾਕਾਂ ਲਈ ਸਿਮ ਕਾਰਡ ਦੀ ਪੁਸ਼ਟੀ ਕਰਨਾ ਲਾਜ਼ਮੀ ਹੋ ਗਿਆ ਹੈ। ਜੇਕਰ ਇਨ੍ਹਾਂ ਸਿਮ ਕਾਰਡਾਂ ਦੀ ਪੁਸ਼ਟੀ ਨਹੀਂ ਹੁੰਦੀ ਹੈ, ਤਾਂ ਇਨ੍ਹਾਂ ਨੂੰ ਅਯੋਗ ਕਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਜੰਮੂ-ਕਸ਼ਮੀਰ (J&K) ਤੇ ਉੱਤਰ-ਪੂਰਬ ਦੇ ਸੂਬਿਆਂ ਲਈ ਇਹ ਗਿਣਤੀ ਸਿਰਫ਼ 6 ਹੈ। ਦੂਰਸੰਚਾਰ ਵਿਭਾਗ ਨੇ ਟੈਲੀਕਾਮ ਕੰਪਨੀਆਂ ਨੂੰ ਉਨ੍ਹਾਂ ਸਾਰੇ ਮੋਬਾਈਲ ਨੰਬਰਾਂ ਨੂੰ ਡੇਟਾਬੇਸ ਤੋਂ ਹਟਾਉਣ ਲਈ ਕਿਹਾ ਹੈ ਜੋ ਨਿਯਮਾਂ ਅਨੁਸਾਰ ਵਰਤੋਂ 'ਚ ਨਹੀਂ ਹਨ।
ਜਾਣੋ DoT ਆਰਡਰ ਕੀ ਹੈ?
ਦੂਰਸੰਚਾਰ ਵਿਭਾਗ ਵੱਲੋਂ ਜਾਰੀ ਹੁਕਮਾਂ 'ਚ ਕਿਹਾ ਗਿਆ ਹੈ ਕਿ ਜੇਕਰ ਗਾਹਕਾਂ ਦੇ ਕੋਲ ਮਨਜ਼ੂਰੀ ਤੋਂ ਵੱਧ ਸਿਮ ਕਾਰਡ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਆਪਣੀ ਪਸੰਦ ਦਾ ਸਿਮ ਰੱਖਣ ਅਤੇ ਬਾਕੀ ਨੂੰ ਬੰਦ ਕਰਨ ਦਾ ਵਿਕਲਪ ਦਿੱਤਾ ਜਾਵੇਗਾ, ਪਰ ਇਸ ਦੀ ਸੀਮਾ 9 ਤੋਂ ਵੱਧ ਨਹੀਂ ਹੋਵੇਗੀ।
ਦੂਰਸੰਚਾਰ ਵਿਭਾਗ ਨੇ ਦੱਸਿਆ ਕਿ ਵਿਭਾਗ ਵੱਲੋਂ ਕੀਤੇ ਸਰਵੇਖਣ ਦੌਰਾਨ ਜੇਕਰ ਕਿਸੇ ਵੀ ਗਾਹਕ ਕੋਲ ਸਾਰੀਆਂ ਟੈਲੀਕਾਮ ਕੰਪਨੀਆਂ ਦੇ ਸਿਮ ਕਾਰਡਾਂ ਦੀ ਨਿਰਧਾਰਤ ਸੀਮਾ ਤੋਂ ਵੱਧ ਪਾਈ ਜਾਂਦੀ ਹੈ ਤਾਂ ਉਸ ਦੇ ਸਾਰੇ ਸਿਮ ਦੀ ਮੁੜ ਪੜਤਾਲ ਕੀਤੀ ਜਾਵੇਗੀ। ਟੈਲੀਕਾਮ ਵਿਭਾਗ ਨੇ ਵਿੱਤੀ ਅਪਰਾਧਾਂ, ਇਤਰਾਜ਼ਯੋਗ ਕਾਲਾਂ, ਆਟੋਮੇਟਿਡ ਕਾਲਾਂ ਤੇ ਧੋਖਾਧੜੀ ਦੀਆਂ ਘਟਨਾਵਾਂ ਦੀ ਜਾਂਚ ਦੇ ਉਦੇਸ਼ ਨਾਲ ਇਹ ਕਦਮ ਚੁੱਕਿਆ ਹੈ।