ਨਿਊਜ਼ ਡੈਸਕ (ਰਿੰਪੀ ਸ਼ਰਮਾ) : ਇਸ ਮਹਿੰਗਾਈ ਦੇ ਯੁੱਗ ਵਿਚ ਆਮ ਅਤੇ ਗ਼ਰੀਬ ਲੋਕ ਆਪਣੇ ਬੱਚਿਆਂ ਦੇ ਭਵਿੱਖ ਲਈ ਪਾਈ ਪਾਈ ਜੋੜ ਕੇ ਛੋਟੀਆਂ ਬੱਚਤਾਂ ਵਿੱਚ ਲਗਾਉਂਦੇ ਹਨ ਉੱਥੇ ਹੀ ਰੂਪਨਗਰ ਤੋਂ ਇਕ ਮਾਮਲਾ ਸਾਮਣੇ ਆਇਆ ਹੈ ਜਿੱਥੇ ਡਾਕਘਰ ਦੇ ਸੈਂਕੜੇ ਖਾਤਾ ਧਾਰਕਾਂ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੰਦੇ ਹੋਏ ਡਾਕਘਰ ਦੀ ਇਕ ਮਹਿਲਾ ਏਜੰਟ ਦੇ ਉੱਤੇ ਕਰੋੜਾਂ ਰੁਪਏ ਗਬਨ ਕਰਨ ਦੇ ਦੋਸ਼ ਲਗਾਏ ਹਨ।
ਡਾਕਘਰ ਦੇ ਮੁਲਾਜ਼ਮਾਂ ਵੱਲੋਂ ਕਿਹਾ ਗਿਆ ਕਿ ਜੋ ਡਾਕਘਰ ਦੇ ਰਿਕਾਰਡ ਵਿੱਚ ਰਕਮ ਜਮ੍ਹਾ ਉਹ ਹੀ ਲੋਕਾਂ ਨੂੰ ਮਿਲੇਗੀ, ਜੋ ਪੈਸੇ ਲੋਕਾਂ ਨੇ ਏਜੰਟ ਦੇ ਕੋਲ ਜਮ੍ਹਾ ਕਰਵਾਏ ਹਨ, ਉਸ ਦੀ ਜ਼ਿੰਮੇਵਾਰੀ ਡਾਕਘਰ ਦੀ ਨਹੀਂ ਹੈ। ਜਿਸ ਤੋਂ ਬਾਅਦ ਲੁੱਟ ਦਾ ਸ਼ਿਕਾਰ ਹੋਏ ਸੈਂਕੜੇ ਲੋਕ ਪੁਲਸ ਪ੍ਰਸ਼ਾਸਨ ਕੋਲ ਲਿਖਤੀ ਸ਼ਿਕਾਇਤ ਲੈ ਕੇ ਪਹੁੰਚੇ ਅਤੇ ਆਪਣੇ ਪੈਸੇ ਵਾਪਸ ਦਿਵਾਉਣ ਦੀ ਮੰਗ ਰੱਖੀ।
ਡਾਕਘਰ ਦੀ ਏਜੰਟ ਹਰਜੀਤ ਕੌਰ ਦੇ ਪਤੀ ਦਲੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਨਾਲ ਕੋਈ ਧੋਖਾਧੜੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕੋਰੋਨਾ ਦੌਰਾਨ ਕੁਝ ਸਮੱਸਿਆਵਾਂ ਕਾਰਨ ਉਹ ਲੋਕਾਂ ਦੀ ਰਕਮ ਡਾਕਘਰ ਵਿੱਚ ਜਮ੍ਹਾ ਨਹੀਂ ਕਰਵਾ ਸਕੇ ਪਰ ਉਹ ਭਰੋਸਾ ਦਿੰਦੇ ਹਨ ਕਿ ਲੋਕਾਂ ਦੀ ਪਾਈ-ਪਾਈ ਵਾਪਸ ਕਰਨਗੇ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਅੰਗਰੇਜ਼ ਸਿੰਘ ਨੇ ਦੱਸਿਆ ਕਿ ਲੋਕਾਂ ਵੱਲੋਂ ਦਿੱਤੀਆਂ ਸ਼ਿਕਾਇਤਾਂ ਦੀ ਜਾਂਚ ਚੱਲ ਰਹੀ ਹੈ ਅਤੇ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।