ਬ੍ਰਿਟਿਸ਼ ਕੋਲੰਬੀਆ ਡੈਸਕ (Vikram Sehajpal) : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਸੂਬਾਈ ਸਰਕਾਰ ਨੇ ਕੱਲ੍ਹ ਫਿਊਲ ਪ੍ਰਾਈਸ ਟਰਾਂਸਪੇਰੈਂਸੀ ਐਕਟ ਨੂੰ ਪਾਸ ਕਰ ਦਿੱਤਾ ਹੈ ਕਿਸ ਤਹਿਤ ਹੁਣ ਤੇਲ ਕੰਪਨੀਆਂ ਲਈ ਇਹ ਜਾਣਕਾਰੀ ਜਨਤਕ ਕਰਨੀ ਜ਼ਰੂਰੀ ਹੋਵੇਗੀ ਕਿ ਉਨ੍ਹਾਂ ਨੇ ਗੈਸ ਦੀਆਂ ਕੀਮਤਾਂ ਕਿਸ ਤਰ੍ਹਾਂ ਨਿਰਧਾਰਤ ਕੀਤੀਆਂ ਹਨ| ਇਹ ਕਾਨੂੰਨ BC ਯੂਟਿਲਿਟੀਜ਼ ਕਮਿਸ਼ਨ (ਬੀਸੀਯੂਸੀ) ਦੁਆਰਾ ਪਿਛਲੇ ਅਰਸੇ ਦੌਰਾਨ ਕੀਤੀ ਗਈ ਜਾਂਚ ਦੇ ਸਿੱਟੇ ਵਜੋਂ ਹੋਂਦ ਵਿਚ ਆਇਆ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਲੋਅਰ ਮੇਨਲੈਂਡ ਵਿਚ ਤੇਲ ਦੀਆਂ ਕੀਮਤਾਂ ਪੈਸੀਫਿਕ ਨਾਰਥਵੈਸਟ ਥੋਕ ਕੀਮਤਾਂ ਨਾਲੋਂ 10 ਤੋਂ 13 ਸੈਂਟ ਜ਼ਿਆਦਾ ਹੁੰਦੀਆਂ ਹਨ ਜਦੋਂ ਕਿ ਇਸ ਵੱਧ ਰੇਟ ਦੇ ਕਾਰਨ ਦਾ ਖੁਲਾਸਾ ਨਹੀਂ ਕੀਤਾ ਜਾਂਦਾ।
ਰੈਗੂਲੇਟਰ ਦਾ ਕਹਿਣਾ ਹੈ ਕਿ ਕੀਮਤਾਂ ਦੇ ਇਸ ਫਰਕ ਕਾਰਨ ਬ੍ਰਿਟਿਸ਼ ਕੋਲੰਬੀਆ ਨੂੰ ਲਗਭਗ 50 ਮਿਲੀਅਨ ਡਾਲਰ ਪ੍ਰਤੀ ਸਾਲ ਵੱਧ ਖਰਚਣਾ ਪੈਂਦਾ ਹੈ। ਰੈਗੂਲੇਟਰ ਨੇ ਬੀਸੀਯੂਸੀ ਨੂੰ ਇਹ ਪੁੱਛਿਆ ਸੀ ਕਿ ਕੀ ਬੀ.ਸੀ. ਇੱਕ ਕਾਰਜਸ਼ੀਲ ਮੁਕਾਬਲੇ ਵਾਲੀ ਮਾਰਕੀਟ ਹੈ? ਸਰਕਾਰ ਵੱਲੋਂ ਪਾਸ ਨਵੇਂ ਕਾਨੂੰਨ ਤਹਿਤ ਕੰਪਨੀਆਂ ਨੂੰ ਆਪਣੇ ਅੰਕੜਿਆਂ ਦੀ ਜਾਣਕਾਰੀ ਦੇਣੀ ਪਵੇਗੀ ਅਤੇ ਜੇ ਉਹ ਅਜਿਹਾ ਕਰਨ ਵਿੱਚ ਅਸਫਲ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਜੁਰਮਾਨੇ ਜਾਂ ਪ੍ਰਬੰਧਕੀ ਐਕਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।