Happy Children Day: ਬੱਚਿਆਂ ਦੇ ਹਰਮਨ ਪਿਆਰੇ ਚਾਚਾ ਨਹਿਰੂ

by

ਮੀਡੀਆ ਡੈਸਕ: ਗੱਲ ਉਸ ਸਮੇਂ ਦੀ ਹੈ, ਜਦੋਂ ਜਵਾਹਰ ਲਾਲ ਨਹਿਰੂ ਕਿਸ਼ੋਰ ਅਵਸਥਾ 'ਚ ਸਨ। ਪਿਤਾ ਮੋਤੀ ਲਾਲ ਨਹਿਰੂ ਉਨ੍ਹਾਂ ਦਿਨਾਂ 'ਚ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਮੁਹਿੰਮ 'ਚ ਸ਼ਾਮਿਲ ਸਨ। ਇਸ ਦਾ ਅਸਰ ਬਾਲਕ ਜਵਾਹਰ 'ਤੇ ਵੀ ਪਿਆ। ਮੋਤੀ ਲਾਲ ਨੇ ਪਿੰਜਰੇ 'ਚ ਇਕ ਤੋਤਾ ਪਾਲਿਆ ਹੋਇਆ ਸੀ। ਇਕ ਦਿਨ ਜਵਾਹਰ ਨੇ ਤੋਤੇ ਨੂੰ ਆਜ਼ਾਦ ਕਰ ਦਿੱਤਾ। ਮੋਤੀ ਲਾਲ ਨੂੰ ਤੋਤਾ ਬਹੁਤ ਪਿਆਰਾ ਸੀ। ਉਸ ਦੀ ਦੇਖਭਾਲ ਇਕ ਨੌਕਰ ਕਰਦਾ ਸੀ। ਨੌਕਰ ਨੇ ਇਹ ਗੱਲ ਮੋਤੀ ਲਾਲ ਨੂੰ ਦੱਸੀ। ਮੋਤੀ ਲਾਲ ਨੇ ਜਵਾਹਰ ਤੋਂ ਪੁੱਛਿਆ, 'ਤੂੰ ਇਹ ਤੋਤਾ ਕਿਉਂ ਉਡਾ ਦਿੱਤਾ'? ਬਾਲਕ ਜਵਾਹਰ ਨੇ ਕਿਹਾ ਕਿ ਪੂਰੇ ਦੇਸ਼ ਦੀ ਜਨਤਾ ਆਜ਼ਾਦੀ ਚਾਹੁੰਦੀ ਹੈ। ਤੋਤਾ ਵੀ ਆਜ਼ਾਦੀ ਚਾਹੁੰਦਾ ਸੀ। ਇਸ ਲਈ ਮੈਂ ਉਸ ਨੂੰ ਆਜ਼ਾਦ ਕਰ ਦਿੱਤਾ। ਮੋਤੀ ਲਾਲ ਬਾਲਕ ਜਵਾਹਰ ਨੂੰ ਦੇਖਦੇ ਰਹਿ ਗਏ। ਬਚਪਨ 'ਚ ਉਨ੍ਹਾਂ ਨੇ ਦਿਲ 'ਚ ਆਜ਼ਾਦੀ ਲਈ ਜਗ੍ਹਾ ਬਣਾ ਲਈ।

ਬਾਲ ਅਧਿਕਾਰਾਂ ਲਈ ਉਪਰਾਲੇ


ਆਪਣੇ ਪ੍ਰਧਾਨ ਮੰਤਰੀ ਕਾਲ ਦੌਰਾਨ ਉਨ੍ਹਾਂ ਸਿਰਫ਼ ਦੇਸ਼ ਦੇ ਵਿਕਾਸ ਲਈ ਹੀ ਨਹੀਂ ਕੰਮ ਕੀਤਾ, ਬਲਕਿ ਦੇਸ਼ ਦਾ ਭਵਿੱਖ ਬੱਚਿਆਂ ਦੇ ਅਧਿਕਾਰਾਂ, ਉਨ੍ਹਾਂ ਦੀ ਸਿੱਖਿਆ ਤੇ ਤਰੱਕੀ 'ਤੇ ਵੀ ਵਿਸ਼ੇਸ਼ ਧਿਆਨ ਦਿੱਤਾ। ਚਾਚਾ ਨਹਿਰੂ ਦੀਆਂ ਕੋਸ਼ਿਸ਼ਾਂ ਨੂੰ ਦੇਖਦਿਆਂ ਸੰਯੁਕਤ ਰਾਸ਼ਟਰ ਕਲਿਆਣ ਪ੍ਰੀਸ਼ਦ ਨੇ 1951 'ਚ ਇਕ ਸੰਸਥਾ ਬਣਾਉਣ ਦਾ ਪ੍ਰਸਤਾਵ ਰੱਖਿਆ, ਜਿਸ ਦਾ ਉਦੇਸ਼ ਘੱਟ ਵਿਸ਼ੇਸ਼ ਅਧਿਕਾਰ ਪ੍ਰਾਪਤ ਬੱਚਿਆਂ ਦੀ ਦੇਖਭਾਲ ਕਰਨਾ ਸੀ। 14 ਦਸੰਬਰ, 1954 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ ਵੀਕੇ ਮੇਨਨ ਦੀ ਪ੍ਰਧਾਨਗੀ ਵਿਚ ਦੁਨੀਆ ਭਰ 'ਚ 'ਯੂਨੀਵਰਸਲ ਚਿਲਡਰਨ ਡੇਅ' ਮਨਾਇਆ, ਜਿਸ ਤੋਂ ਬਾਅਦ ਸੰਯੁਕਤ ਰਾਸ਼ਟਰ ਮਹਾਸਭਾ ਦੀ ਵਰ੍ਹੇਗੰਢ ਵਾਲੇ ਦਿਨ 20 ਨਵੰਬਰ ਨੂੰ ਮਨਾਇਆ ਜਾਣ ਲੱਗਾ। 1963 'ਚ ਚਾਚਾ ਨਹਿਰੂ ਦੇ ਦਿਹਾਂਤ ਤੋਂ ਬਾਅਦ ਦੇਸ਼ 'ਚ ਬਾਲ ਦਿਵਸ ਦੀ ਤਰੀਕ ਬਦਲ ਦਿੱਤੀ ਗਈ। ਉਸ ਤੋਂ ਬਾਅਦ ਇਹ ਦਿਨ ਚਾਚਾ ਨਹਿਰੂ ਦੇ ਜਨਮ ਦਿਨ ਮੌਕੇ ਮਨਾਇਆ ਜਾਣ ਲੱਗਾ।

ਅਨੋਖਾ ਜਨਮ ਦਿਨ


ਨਹਿਰੂ ਜਦੋਂ ਛੋਟੇ ਸਨ, ਉਨ੍ਹਾਂ ਦੇ ਪਿਤਾ ਬੜੇ ਚਾਅ ਨਾਲ ਉਨ੍ਹਾਂ ਦਾ ਜਨਮ ਦਿਨ ਮਨਾਉਂਦੇ ਸਨ। ਚਾਚਾ ਨਹਿਰੂ ਦਾ ਜਨਮ ਦਿਨ ਵੱਖਰੇ ਅੰਦਾਜ਼ 'ਚ ਮਨਾਇਆ ਜਾਂਦਾ ਸੀ। ਉਨ੍ਹਾਂ ਨੂੰ ਤੱਕੜੀ 'ਚ ਤੋਲਿਆ ਜਾਂਦਾ, ਫਿਰ ਵੱਟਿਆਂ ਦੀ ਜਗ੍ਹਾ ਕਣਕ, ਚੌਲ, ਮਿਠਾਈ, ਕੱਪੜੇ ਆਦਿ ਰੱਖੇ ਜਾਂਦੇ। ਉਸ ਤੋਂ ਬਾਅਦ ਉਹ ਗ਼ਰੀਬਾਂ 'ਚ ਵੰਡ ਦਿੱਤੇ ਜਾਂਦੇ। ਬਾਲਕ ਜਵਾਹਰ ਨੂੰ ਇਸ ਨਾਲ ਬਹੁਤ ਖ਼ੁਸ਼ੀ ਹੁੰਦੀ। ਉਦਾਰ ਸੁਭਾਅ ਵਾਲੇ ਜਵਾਹਰ ਨੇ ਇਸ ਨੂੰ ਲੈ ਕੇ ਇਕ ਵਾਰ ਆਪਣੇ ਪਿਤਾ ਕੋਲੋਂ ਪੁੱਛ ਲਿਆ ਕਿ ਆਪਾਂ ਸਾਲ 'ਚ ਇਕ ਤੋਂ ਜ਼ਿਆਦਾ ਵਾਰ ਜਨਮ ਦਿਨ ਕਿਉਂ ਨਹੀਂ ਮਨਾਉਂਦੇ, ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸਹਾਇਤਾ ਮਿਲ ਸਕੇ। ਉਨ੍ਹਾਂ ਦੇ ਵਕੀਲ ਪਿਤਾ ਧਾਰਮਿਕ ਭੇਦਭਾਵ ਨੂੰ ਨਹੀਂ ਮੰਨਦੇ ਸਨ। ਉਨ੍ਹਾਂ ਦੇ ਘਰ ਸਾਰੇ ਧਰਮਾਂ ਦੇ ਤਿਉਹਾਰ ਮਨਾਏ ਜਾਂਦੇ ਸਨ। ਨਹਿਰੂ ਦੇ ਬਾਲ ਮਨ 'ਚ ਦੇਸ਼ਭਗਤੀ ਦੇ ਬੀਜ ਪੈਦਾ ਹੋ ਗਏ ਸਨ।

ਬੱਚਿਆਂ ਨਾਲ ਪਿਆਰ


ਨਹਿਰੂ ਜੀ ਬੱਚਿਆਂ ਨੂੰ ਬਗ਼ੀਚੇ ਦੇ ਫੁੱਲਾਂ ਵਾਂਗ ਮੰਨਦੇ ਸਨ, ਜਿਨ੍ਹਾਂ ਨੂੰ ਪਿਆਰ ਤੇ ਦੇਖਭਾਲ ਨਾਲ ਠੀਕ ਤਰ੍ਹਾਂ ਪੌਸ਼ਣ ਦੇਣ ਦੀ ਜ਼ਰੂਰਤ ਹੁੰਦੀ ਹੈ। ਉਹ ਆਪਣਾ ਵਿਹਲਾ ਸਮਾਂ ਬੱਚਿਆਂ ਨਾਲ ਬਿਤਾਉਂਦੇ ਸਨ। ਬੱਚਿਆਂ ਨਾਲ ਇਸੇ ਪਿਆਰ ਕਰਕੇ ਉਨ੍ਹਾਂ ਨੂੰ ਸਾਰੇ 'ਚਾਚਾ ਨਹਿਰੂ' ਕਹਿ ਕੇ ਬੁਲਾਉਂਦੇ ਸਨ। ਤੁਸੀਂ ਸਾਰਿਆਂ ਨਹਿਰੂ ਦੀ ਫੋਟੋ ਦੇਖੀ ਹੋਵੇਗੀ ਕਿ ਉਹ ਆਪਣੇ ਜੈਕੇਟ 'ਤੇ ਗੁਲਾਬ ਦਾ ਫੁੱਲ ਲਾਉਂਦੇ ਸਨ, ਉਹ ਵੀ ਉਨ੍ਹਾਂ ਨੂੰ ਇਕ ਬੱਚੇ ਨੇ ਦਿੱਤਾ ਸੀ।

ਬੱਚੇ ਪੜ੍ਹਨਗੇ ਤਾਂ ਵਧੇਗਾ ਦੇਸ਼


ਉਹ ਦੁਨੀਆ ਭਰ ਦੇ ਬੱਚਿਆਂ ਨੂੰ ਪੜ੍ਹਾਉਣ ਤੇ ਜ਼ਿੰਦਗੀ 'ਚ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨਾ ਚਾਹੁੰਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਸਿੱਖਿਆ ਤੇ ਚਹੁੰਮੁਖੀ ਵਿਕਾਸ ਨਾਲ ਸਫਲ ਰਾਸ਼ਟਰ ਬਣਨ 'ਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਬੱਚਿਆਂ ਦੇ ਕਲਿਆਣ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਨੂੰ ਧਿਆਨ 'ਚ ਰੱਖਦਿਆਂ ਉਨ੍ਹਾਂ ਨੇ ਨੌਜਵਾਨਾਂ ਲਈ ਦੇਸ਼ 'ਚ ਏਮਜ਼, ਆਈਆਈਟੀ, ਆਈਆਈਐੱਮ ਜਿਹੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ। ਇਸ ਦਿਸ਼ਾ 'ਚ ਉਠਾਏ ਕਦਮਾਂ ਕਰਕੇ ਉਹ ਬੱਚਿਆਂ ਦੇ ਪਸੰਦੀਦਾ ਬਣ ਗਏ ਸਨ। ਦਿੱਲੀ 'ਚ ਉਨ੍ਹਾਂ ਦੇ ਨਾਂ 'ਤੇ ਯੂਨੀਵਰਸਿਟੀ (ਜੇਐੱਨਯੂ) ਵੀ ਬਣੀ ਹੋਈ ਹੈ, ਜਿਥੇ ਪੜ੍ਹਨ ਲਈ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਵਿਦਿਆਰਥੀ ਆਉਂਦੇ ਹਨ। ਉਨ੍ਹਾਂ ਦੀ ਆਜ਼ਾਦੀ ਲਈ ਲੜਾਈ ਦੌਰਾਨ ਅਹਿਮਦਨਗਰ ਦੀ ਜੇਲ੍ਹ 'ਚ ਲਿਖੀ ਕਿਤਾਬ 'ਡਿਸਕਵਰੀ ਆਫ ਇੰਡੀਆ' ਬਹੁਤ ਪ੍ਰਸਿੱਧ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।