ਪੱਤਰ ਪ੍ਰੇਰਕ : ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਅੱਜ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਮੰਗਲਵਾਰ ਸਵੇਰੇ ਜਦੋਂ ਜੇਲ੍ਹ ਸਟਾਫ਼ ਭਾਈ ਰਾਜੋਆਣਾ ਕੋਲ ਖਾਣਾ ਲੈ ਕੇ ਗਿਆ ਤਾਂ ਉਨ੍ਹਾਂ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ। ਰਾਜੋਆਣਾ ਦੀ ਭੈਣ ਕੇਂਦਰੀ ਜੇਲ੍ਹ ਪਹੁੰਚੀ ਸੀ ਅਤੇ ਮੁਲਾਕਾਤ ਤੋਂ ਬਾਅਦ ਬਾਹਰ ਆ ਕੇ ਉਸ ਨੇ ਬਲਵੰਤ ਸਿੰਘ ਰਾਜੋਆਣਾ ਵੱਲੋਂ ਦਿੱਤੀ ਗਈ ਚਿੱਠੀ ਸਾਂਝੀ ਕੀਤੀ ਹੈ।
ਦੱਸ ਦਈਏ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਬਲਵੰਤ ਸਿੰਘ ਰਾਜੋਆਣਾ ਸਜ਼ਾ ਭੁਗਤ ਰਹੇ ਹਨ। ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਦੱਸਿਆ ਕਿ ਉਸ ਦਾ ਭਰਾ ਇਨਸਾਫ਼ ਲੈਣ ਲਈ ਭੁੱਖ ਹੜਤਾਲ ਕਰ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਪਹਿਲੀ ਵਾਰ ਉਹ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਹੜਤਾਲ ਉੱਤੇ ਬੈਠੇ ਸਨ। ਉਸ ਵੇਲੇ ਰਾਜੋਆਣਾ ਨੂੰ ਭਰੋਸਾ ਦਿੱਤਾ ਗਿਆ ਸੀ ਪਰ ਭਰੋਸੇ ਦੇ ਬਾਅਦ ਵੀ ਕੋਈ ਹਲ ਨਹੀਂ ਨਿਕਲਿਆ ਹੈ।
ਰਾਜੋਆਣਾ ਵੱਲੋਂ ਭੇਜੇ ਗਏ ਸੁਨੇਹੇ ਵਿੱਚ ਉਸਨੇ ਜ਼ਿਕਰ ਕੀਤਾ ਹੈ ਕਿ ਉਹ ਆਪਣੀ ਅਪੀਲ ਵਾਪਸ ਲੈਣਾ ਚਾਹੁੰਦਾ ਹੈ ਅਤੇ ਉਸਦੀ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਉਸਦੀ ਅਪੀਲ ਵਾਪਸ ਨਹੀਂ ਲਈ ਜਾਂਦੀ। ਰਾਜੋਆਣਾ ਨੇ ਇਹ ਵੀ ਕਿਹਾ ਹੈ ਕਿ ਸਿਆਸੀ ਪਾਰਟੀਆਂ ਜੋ ਵੀ ਭਰੋਸਾ ਦੇ ਰਹੀਆਂ ਹਨ, ਉਨ੍ਹਾਂ ਦੇ ਸਾਰੇ ਭਰੋਸੇ ਸਿਆਸੀ ਹਨ ਅਤੇ ਹੁਣ ਤੱਕ ਕੋਈ ਮਸਲਾ ਹੱਲ ਨਹੀਂ ਹੋਇਆ ਹੈ। ਇਸ ਲਈ ਉਹ ਆਪਣੀ ਅਪੀਲ ਵਾਪਸ ਲੈਣ ਲਈ ਇਸ ਵਾਰ ਫਿਰ ਭੁੱਖ ਹੜਤਾਲ ਉੱਤੇ ਹਨ।