ਪੱਤਰ ਪ੍ਰੇਰਕ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਵਿੱਚ ਇਨ੍ਹੀਂ ਦਿਨੀਂ ਖੁਸ਼ੀ ਦਾ ਮਾਹੌਲ ਹੈ। ਹਾਲ ਹੀ 'ਚ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਬੇਟੇ ਨੂੰ ਜਨਮ ਦਿੱਤਾ ਹੈ। ਇਸ ਦੌਰਾਨ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਿਆਸਤ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।
ਦਰਅਸਲ, ਬਲਕੌਰ ਸਿੰਘ ਨੂੰ ਮੀਡੀਆ ਵੱਲੋਂ ਪੁੱਛਿਆ ਗਿਆ ਸੀ ਕਿ ਹੁਣ ਤੁਹਾਡੇ ਘਰ ਨਵਾਂ ਮਹਿਮਾਨ ਆਇਆ ਹੈ, ਕੀ ਤੁਸੀਂ ਹੁਣ ਰਾਜਨੀਤੀ ਵਿੱਚ ਸ਼ਾਮਲ ਹੋਵੋਗੇ? ਇਸ ਦੇ ਜਵਾਬ ਵਿੱਚ ਬਲਕੌਰ ਸਿੰਘ ਨੇ ਕਿਹਾ ਕਿ ਮੇਰੇ ਨਾਲ ਲੱਖਾਂ ਲੋਕਾਂ ਦੀਆਂ ਦੁਆਵਾਂ ਅਤੇ ਭਾਵਨਾਵਾਂ ਹਨ, ਮੈਂ ਉਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਵੇਚਣ ਵਾਲਾ ਨਹੀਂ ਹਾਂ। ਪਰ ਮੈਂ ਕਦੇ ਇਹ ਨਹੀਂ ਕਿਹਾ ਕਿ ਮੈਂ ਰਾਜਨੀਤੀ ਵਿੱਚ ਨਹੀਂ ਆਵਾਂਗਾ, ਫਿਲਹਾਲ ਮੈਨੂੰ ਰਾਜਨੀਤੀ ਵਿੱਚ ਆਉਣਾ ਪਸੰਦ ਨਹੀਂ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਲੋਕ ਸਭਾ ਚੋਣਾਂ ਸ਼ੁਰੂ ਹੋਣ ਵਾਲੀਆਂ ਹਨ ਅਤੇ ਮੈਂ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਉਹ ਧਿਆਨ ਨਾਲ ਵੋਟਾਂ ਪਾਉਣ ਅਤੇ ਮੇਰੀ ਕਿਸੇ ਨਾਲ ਵੀ ਕੋਈ ਰੰਜਿਸ਼ ਨਹੀਂ ਹੈ, ਨਾ ਕਾਂਗਰਸ, ਅਕਾਲੀ ਦਲ ਅਤੇ ਨਾ ਹੀ ਆਮ ਆਦਮੀ ਪਾਰਟੀ। ਮੈਂ ਸਿਰਫ ਆਪਣੇ ਬੱਚੇ ਦੇ ਇਨਸਾਫ ਲਈ ਲੜ ਰਿਹਾ ਹਾਂ ਅਤੇ ਲੜਦਾ ਰਹਾਂਗਾ, ਪਰ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸੋਚ ਸਮਝ ਕੇ ਆਪਣੀ ਵੋਟ ਪਾਉਣ।