ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਅਕਾਲੀ ਦਲ 13 ਸੀਟਾਂ 'ਤੇ ਜਿੱਤ ਪ੍ਰਾਪਤ ਕਰੇਗਾ ਅਤੇ ਸੂਬੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਹਵਾ ਚੱਲਣ ਦੇ ਨਾਲ-ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਹੋਣਗੇ। ਬਾਦਲ ਅੱਜ ਅਕਾਲੀ ਦਲ 'ਚ ਮੁੜ ਸ਼ਾਮਲ ਹੋਏ ਹਰਮੇਲ ਸਿੰਘ ਟੌਹੜਾ ਦੇ ਘਰ ਗੱਲਬਾਤ ਕਰ ਰਹੇ ਸਨ।ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦਾ ਨਾਂ ਦੁਨੀਆ ਭਰ 'ਚ ਰੌਸ਼ਨ ਕੀਤਾ ਅਤੇ ਅੱਜ ਪਾਕਿਸਤਾਨ ਨੂੰ ਛੱਡ ਕੇ ਵੱਖੋ-ਵੱਖ ਦੇਸ਼ਾਂ ਨੇ ਭਾਰਤ ਨਾਲ ਮਿੱਤਰਤਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਵਿਰੁੱਧ ਹੋਈਆਂ ਦੋ ਸਰਜੀਕਲ ਸਟ੍ਰਾਈਕਾਂ ਨਾਲ ਪਾਕਿਸਤਾਨ ਨੂੰ ਵੀ ਸਬਕ ਸਿਖਾਉਣ 'ਚ ਭਾਰਤ ਨੇ ਲੋਹਾ ਮਨਵਾਇਆ ਤੇ ਅੱਜ ਹਿੰਦੁਸਤਾਨ ਛੇ ਮੋਹਰੀ ਦੇਸ਼ਾਂ 'ਚ ਸ਼ਾਮਲ ਹੋ ਚੁੱਕਿਆ ਹੈ।
ਬੇਅਦਬੀ ਮਾਮਲੇ ਦੇ ਸਬੰਧ 'ਚ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮਨ 'ਚ ਬਦਲਾਖੋਰੀ ਰੱਖਦਾ ਹੈ ਜਦਕਿ ਕਾਂਗਰਸ ਨੇ ਖ਼ੁਦ 1984 'ਚ ਸ੍ਰੀ ਹਰਿਮੰਦਰ ਸਾਹਿਬ 'ਤੇ ਅਟੈਕ ਕਰਵਾ ਕੇ ਸਭ ਤੋਂ ਵੱਡੀ ਬੇਅਦਬੀ ਕਰਵਾਈ ਸੀ। ਉਨ੍ਹਾਂ ਕਿਹਾ ਕਿ ਕੈਪਟਨ ਦੀ ਜ਼ਿਹਨੀਅਤ ਸਪੱਸ਼ਟ ਹੋ ਚੁੱਕੀ, ਜੋ ਬੇਅਦਬੀ ਮੁੱਦੇ ਦਾ ਲਾਹਾ ਖੱਟਣ 'ਚ ਲੱਗਾ ਹੋਇਆ ਹੈ। ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਿਆਣਾ ਹੁੰਦਾ ਤਾਂ ਉਹ ਇਹੋ ਜਿਹੀਆਂ ਗੱਲਾਂ ਨਾ ਕਰਦਾ, ਜਦਕਿ ਕਾਨੂੰਨ ਸਭ ਤੋਂ ਉੱਪਰ ਹੁੰਦਾ ਹੈ।ਇਕ ਸਵਾਲ ਦੇ ਜਵਾਬ 'ਚ ਬਾਦਲ ਨੇ ਕਿਹਾ ਇਸ ਵਾਰ ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਦਾ ਸਫਾਇਆ ਹੋ ਚੁੱਕਿਆ ਹੈ। ਮੁਕਾਬਲਾ ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਵਿਚਕਾਰ ਹੀ ਹੋਵੇਗਾ। ਬਾਦਲ ਨੇ ਫਿਰੋਜ਼ਪੁਰ ਤੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਚੋਣ ਲੜਨ ਦੇ ਫੈਸਲੇ ਨੂੰ ਸਹੀ ਕਰਾਰ ਦਿੱਤਾ ਅਤੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੋ ਕਹਿੰਦਾ ਉਸ ਤੋਂ ਉਲਟ ਸਾਬਿਤ ਹੁੰਦਾ, ਜੋ ਸਾਰਿਆਂ ਨੂੰ ਮਨ ਲੈਣਾ ਚਾਹੀਦਾ।
ਬਾਦਲ ਨੇ ਕਿਹਾ ਕਿ ਦੁਨੀਆ ਦੇ ਇਤਿਹਾਸ 'ਚ ਕਿਸੇ ਵੀ ਇਕ ਸਰਕਾਰ ਨੇ ਕਦੇ ਵੀ ਕਿਸੇ ਕੌਮ 'ਤੇ ਕਤਲੇਆਮ ਨਹੀਂ ਕੀਤਾ, ਜੋ ਕਾਂਗਰਸ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਬਣਾਈ ਸਿੱਟ ਨਾਲ ਹੀ ਸਿੱਖ ਕਤੇਲਆਮ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ ਮਿਲਿਆ ਅਤੇ ਸੱਜਣ ਕੁਮਾਰ ਵਰਗੇ ਜੇਲ੍ਹ 'ਚ ਡੱਕ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸੱਜਣ ਕੁਮਾਰ ਦੇ ਭਰਾ ਨੂੰ ਇਕ ਵਾਰੀ ਫਿਰ ਟਿਕਟ ਦੇ ਕੇ ਸਿੱਖ ਕੌਮ ਦੇ ਜ਼ਖਮਾਂ ਦੇ ਲੂਣ ਛਿੜਕਣ ਦਾ ਕੰਮ ਕੀਤਾ ਹੈ।ਇਸ ਮੌਕੇ ਸਾਬਕਾ ਵਿਧਾਇਕ ਹਰਮੇਲ ਸਿੰਘ ਟੌਹੜਾ ਦੇ ਸਮੁੱਚੇ ਪਰਿਵਾਰ ਵੱਲੋਂ ਸਮੁੱਚੀ ਲੀਡਰਸ਼ਿਪ ਦੀ ਹਾਜ਼ਰੀ 'ਚ ਬਾਦਲ ਨੂੰ ਸਿਰੋਪਾਓ ਦੇ ਕੇ ਸਨਮਾਨਤ ਵੀ ਕੀਤਾ ਗਿਆ। ਇਸ ਦੌਰਾਨ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ, ਸਾਬਕਾ ਚੇਅਰਮੈਨ ਇੰਦਰ ਮੋਹਨ ਸਿੰਘ ਬਜਾਜ, ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ, ਹਰਿੰਦਰਪਾਲ ਸਿੰਘ ਟੌਹੜਾ ਤੋਂ ਇਲਾਵਾ ਵੱਡੀ ਗਿਣਤੀ 'ਚ ਅਕਾਲੀ ਦਲ ਦੇ ਆਗੂ ਅਤੇ ਵਰਕਰ ਹਾਜ਼ਰ ਸਨ।