ਪੰਜਾਬ ‘ਚ ਮੌਸਮ ਹੋਇਆ ਖ਼ਰਾਬ ਰੇਲਵੇ ਦਾ ਵਿਗੜਿਆ ਟਾਈਮ ਟੇਬਲ

by

ਜਲੰਧਰ (ਇੰਦਰਜੀਤ ਸਿੰਘ) : ਪਿਛਲੇ ਕੁਝ ਦਿਨਾਂ 'ਚ ਪੰਜਾਬ 'ਚ ਖ਼ਰਾਬ ਹੋਏ ਮੌਸਮ ਨੇ ਰੇਲਵੇ ਦਾ ਵੀ ਟਾਈਮ ਟੇਬਲ ਵਿਗਾੜ ਦਿੱਤਾ ਹੈ। ਸਵੇਰੇ-ਸਵੇਰੇ ਪੈ ਰਹੀ ਜ਼ਬਰਦਸਤ ਧੁੰਦ ਦੀ ਰਫ਼ਤਾਰ ਵੀ ਹੌਲੀਕਰ ਦਿੱਤੀ ਹੈ। ਇਸ ਕਾਰਨ ਕਈ ਅਹਿਮ ਟ੍ਰੇਨਾਂ ਆਪਣੇ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ ਤੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਲੰਧਰ ਰੇਲਵੇ ਸਟੇਸ਼ਨ 'ਤੇ ਮੰਗਲਵਾਰ ਨੂੰ ਕਈ ਟ੍ਰੇਨਾਂ ਸਮੇਂ ਸਿਰ ਨਹੀਂ ਪਹੁੰਚੀਆਂ ਹਨ। ਇਸ ਕਾਰਨ ਪੂਰੇ ਪੰਜਾਬ 'ਚ ਰੇਲ ਯਾਤਰੀਆਂ ਨੂੰ ਪਰੇਸ਼ਾਨੀਆਂ ਦਰਪੇਸ਼ ਆਉਣ ਦੀ ਸੰਭਾਵਨਾ ਹੈ।

ਦੇਰੀ ਨਾਲ ਚੱਲਣ ਵਾਲੀਆਂ ਟ੍ਰੇਨਾਂ 'ਚ ਕਟਿਹਾਰ ਆਮਰਪਾਲੀ ਐਕਸਪ੍ਰੈੱਸ (ਗੱਡੀ ਨੰਬਰ-15707) ਕਰੀਬ ਸਾਢੇ 4 ਘੰਟੇ ਲੇਟ ਹੈ। ਇਸ ਤੋਂ ਇਲਾਵਾ ਕਾਮਾਖਿਆ ਐਕਸਪ੍ਰੈੱਸ (ਗੱਡੀ ਨੰਬਰ 15655) ਕਰੀਬ 4 ਘੰਟੇ ਲੇਟ ਹੈ। ਜੰਮੂ ਤਵੀ ਲਿੰਕ ਐਕਸਪ੍ਰੈੱਸ (ਗੱਡੀ ਨੰਬਰ- 18101 ਕਰੀਬ 2 ਘੰਟੇ 20 ਮਿੰਟ ਤੇ ਜੰਮੂ-ਤਵੀ ਐਕਸਪ੍ਰੈੱਸ (ਗੱਡੀ ਨੰਬਰ-19224) ਕਰੀਬ 32 ਮਿੰਟ ਲੇਟ ਹੈ। ਸਥਾਨਕ ਪੱਧਰ 'ਤੇ ਚੱਲਣ ਵਾਲੀਆਂ ਟ੍ਰੇਨਾਂ 'ਚ ਮਾਲਾਵਾਲਾ ਡੀਐੱਮਯੂ (ਗੱਡੀ ਨੰਬਰ-74924) ਕਰੀਬ 37 ਮਿੰਟ ਲੇਟ ਰਹੀ। ਅੰਮ੍ਰਿਤਸਰ-ਕਾਨਪੁਰ ਐਕਸਪ੍ਰੈੱਸ (ਗੱਡੀ ਨੰਬਰ- 22446) ਕਰੀਬ 1 ਘੰਟਾ, ਪੱਛਮੀ ਐਕਸਪ੍ਰੈੱਸ (ਗੱਡੀ ਨੰਬਰ 12925) ਕਰੀਬ 25 ਮਿੰਟ ਤੇ ਗਰੀਬ ਰਥ (ਗੱਡੀ ਨੰਬਰ 12203) ਕਰੀਬ 40 ਮਿੰਟ ਦੇਰੀ ਨਾਲ ਪੁੱਜੀ।

ਟ੍ਰੇਨਾਂ ਦੀ ਆਵਾਜਾਈ 'ਚ ਦੇਰੀ ਕਾਰਨ ਸਿਟੀ ਰੇਲਵੇ ਸਟੇਸ਼ਨ ਦੇ ਪਲੇਟਫਾਰਮਾਂ 'ਤੇ ਵੱਡੀ ਗਿਣਤੀ 'ਚ ਯਾਤਰੀ ਪਰੇਸ਼ਾਨ ਦਿਸੇ। ਉਹ ਜਗ੍ਹਾ-ਜਗ੍ਹਾ ਸਮੂਹ 'ਚ ਬੈਠ ਕੇ ਆਪਣੀਆਂ ਟ੍ਰੇਨਾਂ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਮੌਸਮ ਵਿਭਾਗ ਅਨੁਸਾਰ ਆਗਾਮੀ ਦਿਨਾਂ 'ਚ ਵੀ ਧੁੰਦ ਦਾ ਕਹਿਰ ਘਟਣ ਵਾਲਾ ਹੈ। ਅਜਿਹੇ ਵਿਚ ਟ੍ਰੇਨ ਰਾਹੀਂ ਯਾਤਰਾ ਕਰਨ ਵਾਲਿਆਂ ਨੂੰ ਕੁਝ ਦਿਨ ਹੋਰ ਪਰੇਸ਼ਾਨੀ ਉਠਾਉਣੀ ਪੈ ਸਕਦੀ ਹੈ।