ਵੈਨਕੂਵਰ (ਦੇਵ ਇੰਦਰਜੀਤ)- ਕੈਨੇਡਾ ਪੁਲਿਸ ਵੱਲੋਂ ਗੈਂਗਸਟਰਾਂ ਵਿਰੁੱਧ ਛੇੜੀ ਮੁਹਿੰਮ ਤਹਿਤ 27 ਜਣਿਆਂ ਨੂੰ ਵੱਖ-ਵੱਖ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਇਨ੍ਹਾਂ ਵਿਚੋਂ 12 ਪੰਜਾਬੀ ਹਨ। ਦੋਸ਼ੀ ਕਰਾਰ ਦਿੱਤੇ ਗਏ ਗੈਂਗਸਟਰਾਂ ਵਿਚ 24 ਸਾਲ ਦਾ ਗੈਰੀ ਕੰਗ ਵੀ ਸ਼ਾਮਲ ਜਿਸ ਦੀ ਇਸ ਸਾਲ ਜਨਵਰੀ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ ਗਈ ਸੀ।
ਕੈਨੇਡਾ ਦੇ ਬੀ.ਸੀ. ਸੂਬੇ ਦੀ ਵੈਨਕੂਵਰ ਪੁਲਿਸ ਵੱਲੋਂ ‘ਪ੍ਰਾਜੈਕਟ ਟੈਰੇਟਰੀ’, ‘ਪ੍ਰਾਜੈਕਟ ਟ੍ਰਿਪਲੈਟ’ ਅਤੇ ‘ਪ੍ਰਾਜੈਕਟ ਟੈਰਿਫ਼’ ਤਹਿਤ ਕੀਤੀ ਗਈ ਕਾਰਵਾਈ ਦੇ ਆਧਾਰ ’ਤੇ ਸੈਮ ਕੰਗ, ਗੈਰੀ ਕੰਗ, ਰਣਬੀਰ ਕੰਗ, ਜਿਤੇਸ਼ ਵਾਘ, ਮਨਵੀਰ ਵੜੈਚ, ਕ੍ਰਿਸਟੋਫ਼ਰ ਘੁੰਮਣ, ਪਸ਼ਮੀਰ ਬੋਪਾਰਾਏ, ਤਕਦੀਰ ਗਿੱਲ, ਹਿਤਕਰਨ ਜੌਹਲ, ਪਵਨਦੀਪ ਚੋਪੜਾ, ਸਿਮਰਤ ਲਾਲੀ, ਹਰਜੋਤ ਸਮਰਾ ਅਤੇ ਗੁਰਪ੍ਰੀਤ ਸਣੇ 27 ਜਣਿਆਂ ਨੂੰ ਅਦਾਲਤਾਂ ਦੁਆਰਾ ਨਸ਼ਾ ਤਸਕਰੀ, ਹਥਿਆਰਾਂ ਦੀ ਤਸਕਰੀ, ਕਤਲ ਦੀ ਸਾਜ਼ਿਸ਼ ਅਤੇ ਅਪਰਾਧਕ ਸੰਗਠਨਾਂ ਵਿਚ ਸ਼ਮੂਲੀਅਤ ਦਾ ਦੋਸ਼ੀ ਕਰਾਰ ਦਿੱਤਾ ਗਿਆ।
ਪੁਲਿਸ ਨੇ ਦੱਸਿਆ ਕਿ 27 ਦੋਸ਼ੀਆਂ ਤੋਂ ਜਾਂਚਕਰਤਾਵਾਂ ਨੇ 170 ਤੋਂ ਵੱਧ ਹਥਿਆਰ, ਫੈਂਟਨੈਲ ਸਮੇਤ 50 ਕਿਲੋਗ੍ਰਾਮ ਤੋਂ ਵੱਧ ਨਸ਼ੇ, 20 ਲੱਖ ਡਾਲਰ ਤੋਂ ਵੱਧ ਦੀ ਨਕਦੀ, ਗਹਿਣਿਆਂ ਅਤੇ ਵੱਡੇ ਵਾਹਨਾਂ ਨੂੰ ਬਰਾਮਦ ਕੀਤਾ ਹੈ। ਵੀਪੀਡੀ ਦੇ ਬੁਲਾਰੇ ਕਾਂਸਟੇਂਬਲ ਤਾਨੀਆ ਵਿਸਿਨਟਿਨ ਨੇ ਕਿਹਾ, “ਟਾਸਕ ਫੋਰਸ ਟੂਰਨੀਕੇਟ ਦੇ ਨਤੀਜੇ ਵਜੋਂ ਦੋਸ਼ੀ ਠਹਿਰਾਏ ਗਏ ਲੋਕ ਮਾਰਚ, 2017 ਅਤੇ ਅਗਸਤ 2018 ਦਰਮਿਆਨ ਹੋਏ ਗੈਂਗ ਵਿਵਾਦ ਦੇ ਮਹੱਤਵਪੂਰਨ ਖਿਡਾਰੀ ਸਨ।