ਨਿਊਜ਼ ਡੈਸਕ : ਆਯੂਸ਼ਮਾਨ ਭਾਰਤ ਸਕੀਮ ’ਚ ਹਸਪਤਾਲਾਂ ਦੇ 200 ਕਰੋੜ ਰੁਪਏ ਫਸ ਜਾਣ ’ਤੇ ਡਾਕਟਰਾਂ ਨੇ ਹੱਥ ਖੜ੍ਹੇ ਕਰ ਦਿੱਤੇ ਹਨ। ਆਈਐੱਮਏ ਪੰਜਾਬ ਨੇ ਸਾਰੇ ਹਸਪਤਾਲਾਂ ਨੂੰ ਆਪਣੀ ਜ਼ਿੰਮੇਵਾਰੀ ’ਤੇ ਇਸ ਸਕੀਮ ਤਹਿਤ ਕੰਮ ਕਰਨ ਲਈ ਕਿਹਾ ਹੈ। ਐਸੋਸੀਏਸ਼ਨ ਦੇ ਪਰਮਜੀਤ ਸਿੰਘ ਮਾਨ ਨੇ ਕਿਹਾ ਕਿ 29 ਦਸੰਬਰ ਨੂੰ ਐੱਸਬੀਆਈ ਬੀਮਾ ਕੰਪਨੀ ਨੇ ਇਸ ਸਕੀਮ ਤੋਂ ਹੱਥ ਪਿੱਛੇ ਖਿੱਚ ਲਏ ਹਨ ਤੇ ਪਾਲਿਸੀ ਬੰਦ ਕਰ ਦਿੱਤੀ ਹੈ, ਜਿਸ ਨਾਲ ਕਲੇਮ ਦੀ ਰਾਸ਼ੀ ਫਸ ਗਈ। ਡਾ. ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਹਸਪਤਾਲ ਸਕੀਮ ਤਹਿਤ ਕੰਮ ਕਰਨ ਲਈ ਮਨ੍ਹਾ ਕਰ ਚੁੱਕੇ ਹਨ ਪਰ ਸਿਹਤ ਮੰਤਰੀ ਦੇ ਦਖ਼ਲ ਕਾਰਨ ਡਾਕਟਰਾਂ ਨੂੰ ਕੰਮ ਜਾਰੀ ਰੱਖਣ ਲਈ ਕਿਹਾ ਪਰ ਬੀਮਾ ਕੰਪਨੀ ਵੱਲੋਂ ਆਪ ਹੀ ਪਾਲਿਸੀ ਬੰਦ ਕਰ ਦਿੱਤੀ ਗਈ ਹੈ। ਬਕਾਇਆ ਰਾਸ਼ੀ ਸਬੰਧੀ ਡਾਕਟਰਾਂ ਨੂੰ ਕੁੱਝ ਦੱਸਿਆ ਨਹੀਂ ਜਾ ਰਿਹਾ।
ਉਨ੍ਹਾਂ ਕਿਹਾ ਕਿ ਜਦੋਂ ਸੂਬਾ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਇਸ ਸਕੀਮ ਤਹਿਤ ਕੰਮ ਜਾਰੀ ਰੱਖਣ ਲਈ ਕਹਿੰਦੇ ਹਨ ਪਰ ਇਹ ਨਹੀਂ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਪੈਸੇ ਕਦੋਂ ਅਤੇ ਕਿਵੇਂ ਮਿਲਣਗੇ। ਉਨ੍ਹਾਂ ਕਿਹਾ ਕਿ ਸਕੀਮ ਬੰਦ ਹੋਣ ਤੋਂ ਬਾਅਦ ਵੀ ਐਮਰਜੈਂਸੀ ’ਚ ਆਏ ਕੇਸਾਂ ਨੂੰ ਡਾਕਟਰਾਂ ਨੇ ਮਨ੍ਹਾ ਨਹੀਂ ਕੀਤਾ ਤੇ ਮਰੀਜ਼ਾਂ ਦਾ ਇਲਾਜ ਕੀਤਾ, ਜਿਸ ਨਾਲ ਉਨ੍ਹਾਂ ’ਤੇ ਆਰਥਿਕ ਬੋਝ ਹੋ ਵੱਧ ਗਿਆ ਹੈ। ਮਾਨ ਨੇ ਕਿਹਾ ਕਿ 29 ਦਸੰਬਰ ਤੋਂ ਬਾਅਦ ਵੀ ਸਰਕਾਰੀ ਅਧਿਕਾਰੀਆਂ ਦੇ ਕਹਿਣ ’ਤੇ ਡਾਕਟਰ ਇਲਾਜ ਕਰਦੇ ਰਹੇ ਅਤੇ 50 ਕਰੋੜ ਹੋਰ ਫਸਾ ਕੇ ਬੈਠ ਗਏ। ਸਰਕਾਰੀ ਪੱਧਰ ’ਤੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।ਐਸੋਸੀਏਸ਼ਨ ਨੇ ਫ਼ੈਸਲਾ ਕੀਤਾ ਹੈ ਕਿ ਲਿਖ਼ਤੀ ਭਰੋਸੇ ਤੋਂ ਬਿਨਾਂ ਇਸ ਸਕੀਮ ਤਹਿਤ ਕੋਈ ਕੰਮ ਨਹੀਂ ਕੀਤਾ ਜਾਵੇਗਾ।