ਭਾਗਲਪੁਰ (ਨੇਹਾ) : ਉੱਤਰ ਪ੍ਰਦੇਸ਼ ਪੁਲਸ ਨੇ ਅਯੁੱਧਿਆ 'ਚ ਸ਼੍ਰੀ ਰਾਮ ਮੰਦਰ ਨੂੰ ਉਡਾਉਣ ਦੀ ਧਮਕੀ ਦੇਣ ਵਾਲੇ ਮੁਹੰਮਦ ਮਕਸੂਦ ਨੂੰ ਬਿਹਾਰ ਦੇ ਭਾਗਲਪੁਰ ਜ਼ਿਲੇ ਦੇ ਬਰਾਰੀ ਥਾਣਾ ਖੇਤਰ ਤੋਂ ਗ੍ਰਿਫਤਾਰ ਕੀਤਾ ਹੈ। ਪੁਲਸ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਬਰਾਰੀ ਥਾਣਾ ਖੇਤਰ ਦੇ ਮਾੜੀ ਖੰਜਰਪੁਰ ਖੇਤਰ ਦੀ ਮਸਜਿਦ ਗਲੀ ਦੇ ਰਹਿਣ ਵਾਲੇ ਮੁਹੰਮਦ ਮਕਸੂਦ ਨੇ 14 ਜੂਨ ਨੂੰ ਫੇਸਬੁੱਕ ਅਤੇ ਵਟਸਐਪ ਰਾਹੀਂ ਅਯੁੱਧਿਆ ਦੇ ਸ਼੍ਰੀ ਰਾਮ ਮੰਦਰ ਨੂੰ ਉਡਾਉਣ ਦੀ ਧਮਕੀ ਦਿੱਤੀ ਸੀ। ਇਸ ਦੇ ਨਾਲ ਹੀ ਉਸ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਨੂੰ ਮਾਰਨ ਦੀ ਗੱਲ ਵੀ ਕਹੀ ਸੀ। ਉਸ ਨੇ ਆਪਣੇ ਆਪ ਨੂੰ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਮੈਂਬਰ ਐਲਾਨਿਆ ਸੀ।
ਸੂਤਰਾਂ ਨੇ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਯੁੱਧਿਆ ਪੁਲਸ ਦੀ ਇਕ ਵਿਸ਼ੇਸ਼ ਟੀਮ ਤਕਨੀਕੀ ਨਿਗਰਾਨੀ ਰਾਹੀਂ ਭਾਗਲਪੁਰ ਪਹੁੰਚੀ ਅਤੇ ਸਥਾਨਕ ਪੁਲਸ ਦੀ ਮਦਦ ਨਾਲ ਸ਼ੁੱਕਰਵਾਰ ਦੇਰ ਰਾਤ ਦੋਸ਼ੀ ਮੁਹੰਮਦ ਮਕਸੂਦ ਦੇ ਘਰ ਛਾਪਾ ਮਾਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਸ ਕੋਲੋਂ ਚਾਰ ਮੋਬਾਈਲ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ਦੀ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਮੁਹੰਮਦ ਮਕਸੂਦ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜੇ ਆਮਿਰ ਦੇ ਸੰਪਰਕ 'ਚ ਸੀ। ਉਹ ਦੇਸ਼ ਵਿਰੋਧੀ ਗਤੀਵਿਧੀਆਂ ਨਾਲ ਸਬੰਧਤ ਸੰਦੇਸ਼ ਭੇਜਦਾ ਸੀ ਅਤੇ ਸਾਈਬਰ ਧੋਖਾਧੜੀ ਵਿੱਚ ਵੀ ਸ਼ਾਮਲ ਸੀ। ਮੁਹੰਮਦ ਮਕਸੂਦ ਦੀ ਸਿਹਤ ਦੀ ਜਾਂਚ ਕਰਨ ਤੋਂ ਬਾਅਦ ਉੱਤਰ ਪ੍ਰਦੇਸ਼ ਪੁਲਿਸ ਦੀ ਟੀਮ ਉਸ ਨੂੰ ਟਰਾਂਜ਼ਿਟ ਰਿਮਾਂਡ 'ਤੇ ਅਯੁੱਧਿਆ ਲੈ ਕੇ ਜਾਵੇਗੀ।