ਖ਼ੁਦ ਖੁਮੈਨੀ ਵੀ ਕਾਸਿਮ ਸੁਲੇਮਾਨੀ ਲਈ ਮਾਤਮ ਮਨਾਉਂਦੇ ਰੋ ਪਏ

by

ਵੈੱਬ ਡੈਸਕ (Nri Media) : ਅਮਰੀਕੀ ਹਮਲੇ ਵਿਚ ਮਾਰੇ ਗਏ ਆਪਣੇ ਚੋਟੀ ਦੇ ਫ਼ੌਜੀ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੇ ਜਨਾਜ਼ੇ ਦੀ ਈਰਾਨ ਦੇ ਸਰਬਉੱਚ ਨੇਤਾ ਆਇਤੁੱਲਾ ਅਲੀ ਖੁਮੈਨੀ ਨੇ ਨਮਾਜ਼ ਪੜ੍ਹੀ। ਉੱਥੇ ਇਕੱਠੇ ਹੋਏ ਹਜ਼ਾਰਾਂ ਲੋਕਾਂ ਨੇ ਆਪਣੇ ਜਨਰਲ ਲਈ ਮਾਤਮ ਮਨਾਇਆ। ਖ਼ੁਦ ਖੁਮੈਨੀ ਵੀ ਰੋ ਪਏ। ਸੜਕਾਂ 'ਤੇ ਨੌਜਵਾਨ ਅਤੇ ਬਜ਼ੁਰਗ ਭਾਰੀ ਗਿਣਤੀ 'ਚ ਮੌਜੂਦ ਸਨ। ਔਰਤਾਂ ਹਿਜਾਬ ਅਤੇ ਹੋਰ ਕਾਲੇ ਲਿਬਾਸ ਵਿਚ ਸਨ। ਈਰਾਨ ਦੇ ਸਭ ਤੋਂ ਲੋਕਪਿ੍ਰਆ ਵਿਅਕਤੀਆਂ ਵਿਚੋਂ ਇਕ ਸੁਲੇਮਾਨੀ ਸ਼ੁੱਕਰਵਾਰ ਨੂੰ ਬਗ਼ਦਾਦ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਅਮਰੀਕਾ ਦੇ ਡਰੋਨ ਹਮਲੇ ਵਿਚ ਮਾਰੇ ਗਏ ਸਨ। ਉਹ 62 ਸਾਲ ਦੇ ਸਨ। ਉਨ੍ਹਾਂ ਦੀ ਹੱਤਿਆ ਪਿੱਛੋਂ ਅਰਸੇ ਤੋਂ ਦੁਸ਼ਮਣ ਈਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਵੱਧ ਗਿਆ ਹੈ। ਈਰਾਨ ਨੇ ਬਦਲਾ ਲੈਣ ਦਾ ਸੰਕਲਪ ਲਿਆ ਹੈ। ਜਨਾਜ਼ੇ 'ਚ ਸ਼ਾਮਲ ਇਕ ਔਰਤ ਨੇ ਕਿਹਾ ਕਿ ਉਹ ਨਾਇਕ ਸਨ।


ਉਨ੍ਹਾਂ ਨੇ ਦਾਐੱਸ (ਇਸਲਾਮਿਕ ਸਟੇਟ) ਨੂੰ ਹਰਾਇਆ ਸੀ। ਅਮਰੀਕਾ ਨੇ ਜੋ ਕੁਝ ਕੀਤਾ ਉਹ ਅਪਰਾਧ ਹੈ। ਮੈਂ ਉਨ੍ਹਾਂ ਦੀ ਸ਼ਹਾਦਤ 'ਤੇ ਸੋਗ ਮਨਾਉਣ ਆਈ ਹਾਂ। ਇਸ ਘਟਨਾ ਦਾ ਜਵਾਬ ਦਿੱਤਾ ਜਾਣਾ ਚਾਹੀਦਾ ਹੈ। ਅਰਧ ਸਰਕਾਰੀ ਸੰਵਾਦ ਕਮੇਟੀ ਹਸਨਾ ਮੁਤਾਬਿਕ ਸੜਕਾਂ 'ਤੇ ਏਨੀ ਭੀੜ ਸੀ ਕਿ ਲੋਕ ਜ਼ਮੀਨਦੋਜ਼ ਮੈਟਰੋ ਸਟੇਸ਼ਨਾਂ ਤੋਂ ਬਾਹਰ ਹੀ ਨਿਕਲ ਸਕੇ। ਮੈਟਰੋ ਮੁਖੀ ਫਰਨੌਸ਼ ਨੋਬਖਤ ਨੇ ਕਿਹਾ ਕਿ ਮੈਟਰੋ ਸਟੇਸ਼ਨਾਂ 'ਤੇ ਵੱਡੀ ਗਿਣਤੀ ਵਿਚ ਲੋਕ ਹਨ ਪ੍ਰੰਤੂ ਸੜਕਾਂ 'ਤੇ ਵੀ ਭਾਰੀ ਭੀੜ ਹੈ। ਅਜਿਹੇ ਸਮੇਂ ਸਟੇਸ਼ਨਾਂ ਨੂੰ ਖ਼ਾਲੀ ਕਰਵਾਉਣਾ ਸੰਭਵ ਨਹੀਂ ਹੈ।