ਆਸਟ੍ਰੇਲੀਆ ‘ਚ 3 ਮਹੀਨੇ ਤੱਕ ਮੀਂਹ ਦੇ ਸੰਕੇਤ ਨਹੀਂ, ਹੋਰ ਭੜਕੇਗੀ ਜੰਗਲ ਦੀ ਅੱਗ

by

ਸਿਡਨੀ: ਆਸਟ੍ਰੇਲੀਆ ਵਿਚ ਜੰਗਲੀ ਅੱਗ ਹੁਣ ਭਿਆਨਕ ਰੂਪ ਧਾਰ ਚੁੱਕੀ ਹੈ। ਇਸ ਅੱਗ ਨੂੰ ਬੁਝਾਉਣ ਲਈ ਫਾਇਰ ਫਾਈਟਰਾਂ ਦੀ ਟੀਮ ਨੇ ਪੂਰੀ ਤਾਕਤ ਲਗਾ ਦਿੱਤੀ ਹੈ ਪਰ ਹਾਲੇ ਤੱਕ ਇਸ ਨੂੰ ਅੱਗੇ ਵਧਣ ਤੋਂ ਰੋਕਿਆ ਨਹੀਂ ਜਾ ਸਕਿਆ ਹੈ। ਇਸ ਦੌਰਾਨ ਮੌਸਮ ਵਿਭਾਗ ਦੀ ਚਿਤਾਵਨੀ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ ਹੈ। ਵਿਭਾਗ ਦਾ ਕਹਿਣਾ ਹੈ ਕਿ ਇਹ ਅੱਗ ਹਾਲੇ ਕੁਝ ਹੋਰ ਹਫਤਿਆਂ ਤੱਕ ਇਸੇ ਤਰ੍ਹਾਂ ਬਲਦੀ ਰਹਿ ਸਕਦੀ ਹੈ ਅਤੇ ਅੱਗੇ ਵੱਧ ਸਕਦੀ ਹੈ ਕਿਉਂਕਿ ਹਾਲੇ 3 ਮਹੀਨੇ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।


ਪੂਰਬੀ ਤੱਟ ਦੇ ਕਿਨਾਰੇ 100 ਥਾਵਾਂ 'ਤੇ ਲੱਗੀ ਅੱਗ ਨੂੰ ਬੁਝਾਉਣ ਲਈ ਫਾਇਰ ਫਾਈਟਰਾਂ ਕਾਫੀ ਜੱਦੋ ਜਹਿਦ ਕਰ ਰਹੇ ਹਨ। ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਸੂਬਿਆਂ ਵਿਚ ਇਸ ਭਿਆਨਕ ਅੱਗ ਕਾਰਨ ਜਿੱਥੇ 4 ਲੋਕਾਂ ਦੀ ਮੌਤ ਹੋ ਚੁੱਕੀ ਹੈ, ਉੱਥੇ ਸੈਂਕੜੇ ਘਰ ਤਬਾਹ ਹੋ ਗਏ ਹਨ। ਪਿਛਲੇ ਹਫਤੇ ਵਿਚ 25 ਲੱਖ ਏਕੜ (10 ਲੱਖ ਹੈਕਟੇਅਰ) ਖੇਤ ਅਤੇ ਝਾੜੀਆਂ ਅੱਗ ਨਾਲ ਸੜ ਗਈਆਂ ਹਨ।


ਮਾਹਰਾਂ ਦਾ ਕਹਿਣਾ ਹੈ ਕਿ 3 ਸਾਲ ਦੇ ਸੋਕੇ ਦੇ ਬਾਅਦ ਬਹੁਤ ਖੁਸ਼ਕ ਸਥਿਤੀ ਨੇ ਅੱਗ ਨੂੰ ਭੜਕਾਉਣ ਦਾ ਕੰਮ ਕੀਤਾ ਹੈ। ਮਾਹਰਾਂ ਮੁਤਾਬਕ ਜਲਵਾਯੂ ਤਬਦੀਲੀ ਇਸ ਦਾ ਇਕ ਵੱਡਾ ਕਾਰਨ ਹੈ, ਜਿਸ 'ਤੇ ਹਾਲ ਹੀ ਵਿਚ ਕਾਫੀ ਰਾਜਨੀਤਕ ਬਹਿਸ ਚੱਲ ਰਹੀ ਹੈ। ਅੱਗ ਬੁਝਾਊ ਵਿਭਾਗ ਨੇ ਕਿਹਾ ਹੈ ਕਿ ਮੀਂਹ ਨਾ ਪੈਣ ਦੀ ਸਥਿਤੀ ਵਿਚ ਅੱਗ ਹਾਲੇ ਕਈ ਹਫਤਿਆਂ ਤਅਕ ਲੱਗੀ ਰਹੇਗੀ।


ਆਸਟ੍ਰੇਲੀਆ ਦੇ ਮੌਸਮ ਵਿਗਿਆਨ ਨੇ ਕਿਹਾ ਕਿ ਦੇਸ਼ ਦੇ ਪੂਰਬੀ ਤੱਟ 'ਤੇ 1 ਦਸੰਬਰ ਤੋਂ 28 ਫਰਵਰੀ ਦੇ ਵਿਚ ਔਸਤ ਮੀਂਹ ਪੈਣ ਦੀ ਸੰਭਾਵਨਾ 25 ਫੀਸਦੀ ਹੈ। ਖਤਰੇ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਕਿਹਾ ਹੈ ਕਿ ਇਸ ਗੱਲ ਦੀ 80 ਫੀਸਦੀ ਸੰਭਾਵਨਾ ਹੈ ਕਿ ਅਗਲੇ 3 ਮਹੀਨੇ ਤੱਕ ਤਾਪਮਾਨ ਔਸਤ ਪੱਧਰ ਤੋਂ ਵੱਧ ਜਾਵੇਗਾ। ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਦੇ ਗਰਮ, ਖੁਸ਼ਕ ਗਰਮੀ ਦੇ ਮੌਸਮ ਵਿਚ ਝਾੜੀਆਂ ਵਿਚ ਅੱਗ ਲੱਗਣਾ ਆਮ ਗੱਲ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।