by mediateam
ਸਿਡਨੀ (ਐਨ.ਆਰ.ਆਈ. ਮੀਡਿਆ) : ਚੀਨ ਨਾਲ ਵਿਵਾਦ ਦੌਰਾਨ ਆਸਟ੍ਰੇਲੀਆ ਨੇ ਦੇਸ਼ ਵਿਚ ਕੰਮ ਕਰ ਰਹੇ ਵਿਦੇਸ਼ੀ ਪੱਤਰਕਾਰਾਂ ਨੂੰ ਲੈ ਕੇ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਗ੍ਰਹਿ ਮੰਤਰੀ ਪੀਟਰ ਡੁਟੋਨ ਨੇ ਕਿਹਾ ਹੈ ਕਿ ਜੇਕਰ ਵਿਦੇਸ਼ੀ ਪੱਤਰਕਾਰ ਅੰਦਰੂਨੀ ਮਾਮਲਿਆਂ ਵਿਚ ਪੱਖਪਾਤਪੂਰਣ ਵਿਚਾਰ ਪੇਸ਼ ਕਰਦੇ ਹਨ ਤਾਂ ਉਹ ਸੰਘੀ ਏਜੰਸੀਆਂ ਦੇ ਪੁੱਛਗਿੱਛ ਦੇ ਦਾਇਰੇ ਵਿਚ ਆ ਸਕਦੇ ਹਨ। ਉਨ੍ਹਾਂ ਇਹ ਗੱਲ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪ (ਏਬੀਸੀ) ਨੂੰ ਦਿੱਤੇ ਇੰਟਰਵਿਊ ਵਿਚ ਇਕ ਖ਼ਾਸ ਭਾਈਚਾਰੇ 'ਤੇ ਰਿਪੋਰਟਿੰਗ ਕਰ ਰਹੇ ਪੱਤਰਕਾਰਾਂ ਦਾ ਜ਼ਿਕਰ ਕਰਦੇ ਹੋਏ ਕਹੀ।
ਇਸ ਦੌਰਾਨ ਗ੍ਰਹਿ ਮੰਤਰੀ ਨੇ ਚੀਨ ਦਾ ਨਾਂ ਤਾਂ ਨਹੀਂ ਲਿਆ ਪ੍ਰੰਤੂ ਉਨ੍ਹਾਂ ਦਾ ਇਹ ਬਿਆਨ ਆਸਟ੍ਰੇਲੀਆ ਦੇ ਦੋ ਪੱਤਰਕਾਰਾਂ ਬਿਲ ਬਿਰਟਲਸ ਅਤੇ ਮਾਈਕ ਸਮਿਥ ਨੂੰ ਚੀਨ ਤੋਂ ਬਚਾ ਕੇ ਲਿਆਏ ਜਾਣ ਪਿੱਛੋਂ ਆਇਆ ਹੈ। ਪੁਲਿਸ ਪੁੱਛਗਿੱਛ ਪਿੱਛੋਂ ਦੋਵਾਂ ਪੱਤਰਕਾਰਾਂ ਨੇ ਚੀਨ ਸਥਿਤ ਆਸਟ੍ਰੇਲੀਆ ਦੇ ਡਿਪਲੋਮੈਟਿਕ ਕੰਪਲੈਕਸਾਂ ਵਿਚ ਸ਼ਰਨ ਲੈ ਰੱਖੀ ਸੀ। ਇਸ ਤੋਂ ਪਹਿਲੇ ਆਸਟ੍ਰੇਲਿਆਈ ਪੱਤਰਕਾਰ ਚੇਂਗ ਲੇਈ ਨੂੰ ਚੀਨ ਵਿਚ ਹਿਰਾਸਤ ਵਿਚ ਲੈ ਲਿਆ ਗਿਆ ਸੀ। ਉਹ ਚੀਨ ਦੇ ਅੰਗਰੇਜ਼ੀ ਭਾਸ਼ਾ ਦੇ ਸਰਕਾਰੀ ਪ੍ਰਸਾਰਣਕਰਤਾ ਸੀਜੀਟੀਐੱਨ ਲਈ ਬਿਜ਼ਨਸ ਐਂਕਰ ਵਜੋਂ ਕੰਮ ਕਰਦੇ ਹਨ।