ਸਿਡਨੀ: ਆਸਟ੍ਰੇਲੀਆ ਦੇ ਦੱਖਣੀ-ਪੱਛਮੀ ਤੱਟ 'ਤੇ ਇਕ ਸਫੇਦ ਸ਼ਾਰਕ ਨੇ ਹਮਲਾ ਕਰ ਕੇ ਇਕ ਗੋਤਾਖੋਰ ਨੂੰ ਮਾਰ ਦਿੱਤਾ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਜ ਦੇ ਪ੍ਰਾਇਮਰੀ ਉਦਯੋਗ ਵਿਭਾਗ ਦੇ ਇਕ ਬਿਆਨ ਦੇ ਮੁਤਾਬਕ ਵੈਸਟਰਨ ਆਸਟ੍ਰੇਲੀਆ ਰਾਜ ਦੇ ਐਸਪਰੇਂਸ ਸ਼ਹਿਰ ਨੇੜੇ ਕੱਲ੍ਹ ਟਾਪੂ ਵਿਚ ਸ਼ਾਰਕ ਨੇ ਇਕ ਵਿਅਕਤੀ 'ਤੇ ਹਮਲਾ ਬੋਲ ਦਿੱਤਾ। ਵਿਭਾਗ ਨੇ ਦੱਸਿਆ,''ਸਫੇਦ ਸ਼ਾਰਕ ਦੇ ਕਥਿਤ ਹਮਲੇ ਵਿਚ ਇਕ ਵਿਅਕਤੀ ਨੂੰ ਡੂੰਘੀਆਂ ਅਤੇ ਜਾਨਲੇਵਾ ਸੱਟਾਂ ਲੱਗੀਆਂ।''
ਸਰਫ ਲਾਈਫ ਸੇਵਿੰਗ ਵੈਸਟਰਨ ਆਸਟ੍ਰੇਲੀਆ ਨੇ ਕਿਹਾ ਕਿ ਮ੍ਰਿਤਕ ਸੰਭਵ ਤੌਰ 'ਤੇ ਇਕ ਗੋਤਾਖੋਰ ਸੀ। ਆਸਟ੍ਰੇਲੀਆ ਵਿਚ ਪਿਛਲੇ 3 ਸਾਲਾਂ ਵਿਚ ਇਸ ਤਰ੍ਹਾਂ ਦਾ ਇਹ ਦੂਜਾ ਮਾਮਲਾ ਹੈ। 2017 ਵਿਚ 17 ਸਾਲ ਦੀ ਇਕ ਨਾਬਾਲਗਾ 'ਤੇ ਵਿਆਲੀ ਬੇਅ ਦੇ ਨੇੜੇ ਸ਼ਾਰਕ ਨੇ ਹਮਲਾ ਕੀਤਾ ਸੀ। ਉਦੋਂ ਨਾਬਾਲਗਾ ਦੇ ਮਾਤਾ-ਪਿਤਾ ਵੀ ਉੱਥੇ ਸਨ। ਉਸ ਨੂੰ ਪਾਣੀ ਵਿਚੋਂ ਬਾਹਰ ਕੱਢਿਆ ਗਿਆ। ਸ਼ਾਰਕ ਦੇ ਹਮਲੇ ਵਿਚ ਇਕ ਪੈਰ ਗਵਾ ਚੁੱਕੀ ਇਸ ਨਾਬਾਲਗਾ ਨੇ ਕੁਝ ਹੀ ਦੇਰ ਬਾਅਦ ਦਮ ਤੋੜ ਦਿੱਤਾ ਸੀ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।