ਆਸਟ੍ਰੇਲੀਆ ਟੂਰਨਾਮੈਂਟ ‘ਚੋਂ ਲਗਬਗ ਬਾਹਰ, ਭਾਰਤ ਦੀ ਸ਼ਾਨਦਾਰ ਜਿੱਤ !

by vikramsehajpal

ਵਾਸ਼ਿੰਗਟਨ (ਰਾਘਵ) - ਸੇਂਟ ਲੂਸੀਆ ਦੇ ਡੈਰੇਨ ਸੈਮੀ ਸਟੇਡੀਅਮ 'ਚ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਸੁਪਰ-8 ਦੇ ਮੁਕਾਬਲੇ 'ਚ ਭਾਰਤ ਨੇ ਆਸਟ੍ਰੇਲੀਆ ਨੂੰ 24 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਇਸ ਜਿੱਤ ਦੇ ਨਾਲ ਭਾਰਤ ਨੇ ਵਨਡੇ ਵਿਸ਼ਵ ਕੱਪ 2023 ਦੀ ਫਾਈਨਲ 'ਚ ਆਸਟ੍ਰੇਲੀਆ ਹੱਥੋਂ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ ਹੈ। ਭਾਰਤ ਨੇ ਜਿੱਥੇ ਟੀ20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਜਗ੍ਹਾ ਪੱਕੀ ਕਰ ਲਈ ਹੈ, ਉੱਥੇ ਹੀ ਆਸਟ੍ਰੇਲੀਆ ਲਈ ਅੱਗੇ ਦੀ ਰਾਹ ਮੁਸ਼ਕਲ ਹੋ ਗਈ ਹੈ। ਭਾਰਤ ਨੇ ਆਸਟ੍ਰੇਲੀਆ ਖ਼ਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕਪਤਾਨ ਰੋਹਿਤ ਸ਼ਰਮਾ (92) ਦੀ ਤਾਬੜਤੋੜ ਪਾਰੀ ਤੋਂ ਬਾਅਦ ਸੂਰਿਆਕੁਮਾਰ ਯਾਦਵ (31), ਸ਼ਿਵਮ ਦੁਬੇ (28) ਤੇ ਹਾਰਦਿਕ ਪੰਡਯਾ ਦੀਆਂ ਉਪਯੋਗੀ ਪਾਰੀਆਂ ਦੀ ਬਦੌਲਤ 205 ਦੌੜਾਂ ਬਣਾਈਆਂ।

ਦੱਸ ਦਈਏ ਕਿ 206 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆ ਨੂੰ ਪਹਿਲੇ ਹੀ ਓਵਰ 'ਚ ਵੱਡਾ ਝਟਕਾ ਲੱਗਾ, ਜਦੋਂ ਅਰਸ਼ਦੀਪ ਸਿੰਘ ਨੇ ਧਮਾਕੇਦਾਰ ਬੱਲੇਬਾਜ਼ ਡੇਵਿਡ ਵਾਰਨਰ ਨੂੰ 6 ਦੌੜਾਂ ਦੇ ਨਿੱਜੀ ਸਕੋਰ 'ਤੇ ਸਲਿੱਪ 'ਚ ਕੈਚ ਆਊਟ ਕਰਵਾਇਆ। ਇਸ ਤੋਂ ਬਾਅਦ ਅਗਲੇ ਓਵਰ 'ਚ ਵੀ ਬੁਮਰਾਹ ਨੇ ਆਸਟ੍ਰੇਲੀਆਈ ਕਪਤਾਨ ਮਿਚੇਲ ਮਾਰਸ਼ ਨੂੰ ਆਊਟ ਕਰਨ ਦਾ ਮੌਕਾ ਬਣਾਇਆ, ਪਰ ਰਿਸ਼ਭ ਪੰਤ ਪੈਰ ਫ਼ਸ ਜਾਣ ਕਾਰਨ ਗੇਂਦ ਤੱਕ ਪਹੁੰਚ ਨਾ ਸਕੇ। ਇਸ ਤੋਂ ਬਾਅਦ ਆਸਟ੍ਰੇਲੀਆ ਦੇ ਬੱਲੇਬਾਜ਼ਾਂ ਨੇ ਤੇਜ਼ ਰਫ਼ਤਾਰ ਨਾਲ ਦੌੜਾਂ ਬਣਾਉਣੀਆਂ ਸ਼ੁਰੂ ਕੀਤੀਆਂ ਤੇ ਟੀਮ ਨੂੰ ਸ਼ੁਰੂਆਤੀ ਝਟਕੇ ਤੋਂ ਉਭਾਰਿਆ। ਜਦੋਂ ਆਸਟ੍ਰੇਲੀਆ ਟੀਚੇ ਵੱਲ ਤੇਜ਼ੀ ਨਾਲ ਵਧ ਰਹੀ ਸੀ ਤਾਂ ਕੁਲਦੀਪ ਯਾਦਵ ਦੇ ਓਵਰ 'ਚ ਮਿਚੇਲ ਮਾਰਸ਼ ਦਾ ਅਕਸ਼ਰ ਪਟੇਲ ਨੇ ਹਵਾ 'ਚ ਉੱਡ ਕੇ ਇਕ ਹੱਥ ਨਾਲ ਸ਼ਾਨਦਾਰ ਕੈਚ ਫੜਿਆ। ਮਾਰਸ਼ 28 ਗੇਂਦਾਂ 'ਚ 37 ਦੌੜਾਂ ਬਣਾ ਕੇ ਕੁਲਦੀਪ ਦਾ ਸ਼ਿਕਾਰ ਬਣਿਆ।

ਇਸ ਦੌਰਾਨ ਟ੍ਰੈਵਿਸ ਹੈੱਡ ਨੇ ਤਿੱਖੇ ਤੇਵਰ ਦਿਖਾਏ ਤੇ 24 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਵੀ ਪੂਰਾ ਕਰ ਲਿਆ। ਇਸ ਤੋਂ ਬਾਅਦ ਮੈਕਸਵੈੱਲ ਨੇ ਵੀ ਕੁਝ ਸ਼ਾਨਦਾਰ ਸ਼ਾਟ ਖੇਡੇ। ਇਕ ਵਾਰ ਫ਼ਿਰ ਕੁਲਦੀਪ ਯਾਦਵ ਨੇ ਆਪਣੀ ਫਿਰਕੀ ਦਾ ਜਾਦੂ ਦਿਖਾਇਆ ਤੇ ਟੀਮ ਨੂੰ ਵੱਡੀ ਸਫ਼ਲਤਾ ਦਿਵਾਈ। ਉਨ੍ਹਾਂ ਨੇ ਆਪਣੀ ਫਿਰਕੀ ਦੀ ਜਾਲ 'ਚ ਫਸਾ ਕੇ ਮੈਕਸਵੈੱਲ ਨੂੰ 20 ਦੇ ਨਿੱਜੀ ਸਕੋਰ 'ਤੇ ਕਲੀਨ ਬੋਲਡ ਕੀਤਾ। ਇਸ ਤੋਂ ਬਾਅਦ ਵੀ ਟ੍ਰੈਵਿਸ ਹੈੱਡ ਨੇ ਸ਼ਾਨਦਾਰ ਗੇਂਦਬਾਜ਼ੀ ਜਾਰੀ ਰੱਖੀ ਤੇ 43 ਗੇਂਦਾਂ 'ਚ 73 ਦੌੜਾਂ ਦੀ ਪਾਰੀ ਖੇਡ ਕੇ ਜਸਪ੍ਰੀਤ ਬੁਮਰਾਹ ਦੀ ਗੇਂਦ 'ਤੇ ਕੈਚ ਆਊਟ ਹੋਇਆ। ਦੱਸ ਦਈਏ ਕਿ ਇਸ ਤੋਂ ਬਾਅਦ ਆਸਟ੍ਰੇਲੀਆਈ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਦੇ ਅੱਗੇ ਟਿਕ ਨਾ ਸਕੇ ਤੇ ਆਸਟ੍ਰੇਲੀਆ ਦੀ ਪੂਰੀ ਟੀਮ 20 ਓਵਰਾਂ 'ਚ 7 ਵਿਕਟਾਂ ਗੁਆ ਕੇ 181 ਦੌੜਾਂ ਹੀ ਬਣਾ ਸਕੀ।

ਇਸ ਤਰ੍ਹਾਂ ਭਾਰਤ ਨੇ ਇਹ ਮੁਕਾਬਲਾ ਸ਼ਾਨਦਾਰ ਬੱਲੇਬਾਜ਼ੀ ਤੋਂ ਬਾਅਦ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਦੀ ਬਦੌਲਤ 24 ਦੌੜਾਂ ਨਾਲ ਆਪਣੇ ਨਾਂ ਕਰ ਲਿਆ ਹੈ। ਓਥੇ ਹੀ ਭਾਰਤ ਵੱਲੋਂ ਅਰਸ਼ਦੀਪ ਸਿੰਘ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 4 ਓਵਰਾਂ 'ਚ 37 ਦੌੜਾਂ ਦੇ ਕੇ 4 ਵਿਕਟਾਂ ਕੱਢੀਆਂ, ਜਦਕਿ ਕੁਲਦੀਪ ਯਾਦਵ ਨੇ 4 ਓਵਰਾਂ 'ਚ 24 ਦੌੜਾਂ ਦੇ ਕੇ 2 ਬੱਲੇਬਾਜ਼ਾਂ ਨੂੰ ਆਊਟ ਕੀਤਾ। ਜਸਪ੍ਰੀਤ ਬੁਮਰਾਹ ਤੇ ਅਕਸ਼ਰ ਪਟੇਲ ਨੇ ਵੀ ਕਿਫਾਇਤੀ ਗੇਂਦਬਾਜ਼ੀ ਕੀਤੀ ਤੇ 1-1 ਆਸਟ੍ਰੇਲੀਆਈ ਬੱਲੇਬਾਜ਼ ਨੂੰ ਪੈਵੇਲੀਅਨ ਵਾਪਸ ਭੇਜਿਆ।