ਪੱਤਰ ਪ੍ਰੇਰਕ : ਅੱਜ ਸਮਰਾਲਾ ਵਿਖੇ ਪੁਲਿਸ ਹੈਡੋ ਚੌਂਕੀ ਦੇ ਨਜ਼ਦੀਕ ਦੋ ਅਣਪਛਾਤੇ ਲੁਟੇਰਿਆਂ ਨੇ ਦੋ ਐਕਟੀਵਾ 'ਤੇ ਸਵਾਰ ਚਾਚੀ ਅਤੇ ਭਤੀਜੀ ਨੂੰ ਆਪਣਾ ਨਿਸ਼ਾਨਾ ਬਣਾਇਆ। ਅਣਪਛਾਤੇ ਲੁਟੇਰਿਆਂ ਨੇ ਐਕਟੀਵਾ ਤੇ ਜਾ ਰਹੀਆਂ ਦੋ ਔਰਤਾਂ ਦੇ ਅੱਗੇ ਆਪਣਾ ਮੋਟਰਸਾਈਕਲ ਲਗਾ ਕੇ ਉਹਨਾਂ ਨੂੰ ਨੀਚੇ ਸੁੱਟ ਦਿੱਤਾ ਅਤੇ ਬਾਅਦ ਦੇ ਵਿੱਚ ਐਕਟੀਵਾ ਸਵਾਰ ਔਰਤ ਦੇ ਗਲੇ ਵਿੱਚ ਪਾਈ ਡੇਢ ਤੋਲੇ ਦੀ ਸੋਨੇ ਦੀ ਚੈਨ ਖੋਹ ਕੇ ਫਰਾਰ ਹੋ ਗਏ। ਐਕਟੀਵਾ ਸਵਾਰ ਦੋ ਔਰਤਾਂ ਵਿੱਚੋਂ ਇੱਕ ਔਰਤ (ਚਾਚੀ) ਬੁਰੀ ਤਰ੍ਹਾਂ ਜ਼ਖਮੀ ਹੋ ਗਈ ਅਤੇ ਭਤੀਜੀ ਦੇ ਵੀ ਸੱਟਾਂ ਲੱਗੀਆਂ, ਜਿਸ ਨੂੰ ਸਮਰਾਲਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਲਿਆਂਦਾ ਗਿਆ। ਇਸ ਮੌਕੇ ਡਾਕਟਰ ਨੇ ਦੱਸਿਆ ਕਿ ਜਖਮੀ ਔਰਤ ਦੇ ਸਿਰ ਤੇ ਚਾਰ ਟਾਂਕੇ, ਮੱਥੇ ਅਤੇ ਸਰੀਰ ਦੇ ਹੋਰ ਅੰਗਾਂ ਤੇ ਵੀ ਸੱਟਾਂ ਲੱਗੀਆਂ ਹਨ। ਇਸ ਘਟਨਾ ਦੀ ਜਾਣਕਾਰੀ ਸਮਰਾਲਾ ਪੁਲਿਸ ਨੂੰ ਮਿਲਣ ਤੇ ਸਮਰਾਲਾ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਦੇ ਵਿੱਚ ਜੁੱਟ ਗਈ।
ਜ਼ਖਮੀ ਔਰਤ ਦੇ ਪਤੀ ਹਰਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਪਤਨੀ ਸੁਖਦੀਪ ਕੌਰ ਅਤੇ ਮੇਰੀ ਭਤੀਜੀ ਸੰਦੀਪ ਕੌਰ ਐਕਟੀਵਾ ਤੇ ਸਵਾਰ ਹੋ ਕੇ ਸਮਰਾਲੇ ਸਮਾਨ ਖਰੀਦਣ ਆਈਆਂ ਹੋਈਆਂ ਸਨ ਜਦੋਂ ਦੋਵੇਂ ਜਾਣੀਆਂ ਵਾਪਸ ਆਪਣੇ ਪਿੰਡ ਮੱਲ ਮਾਜਰੇ ਜਾ ਰਹੀਆਂ ਸਨ ਤਾਂ ਹੈਡੋ ਪੁਲਿਸ ਚੌਂਕੀ ਦੇ ਨੇੜੇ ਦੋ ਅਣਪਛਾਤੇ ਲੁਟੇਰਿਆਂ ਨੇ ਜਿਨਾਂ ਵਿੱਚ ਇੱਕ ਮੋਨਾ ਅਤੇ ਇੱਕ ਸਰਦਾਰ ਵਿਅਕਤੀ ਸ਼ਾਮਿਲ ਸੀ, ਨੇ ਆਪਣਾ ਮੋਟਰਸਾਈਕਲ ਮੇਰੀ ਘਰਵਾਲੀ ਦੀ ਐਕਟੀਵਾ ਅੱਗੇ ਲਗਾ ਦਿੱਤਾ। ਜਿਸ ਕਾਰਨ ਐਕਟੀਵਾ ਚਾਲਕ ਮੇਰੀ ਘਰਵਾਲੀ ਅਤੇ ਮੇਰੀ ਭਤੀਜੀ ਦੋਵੇਂ ਗਿਰ ਗਈਆਂ।
ਅਣਪਛਾਤੇ ਲੁਟੇਰਿਆਂ ਨੇ ਮੇਰੀ ਘਰਵਾਲੀ ਦੇ ਗਲੇ 'ਚ ਪਾਈ ਹੋਈ ਡੇਢ ਤੋਲੇ ਦੀ ਸੋਨੇ ਦੀ ਚੈਨ ਖੋਹ ਕੇ ਫਰਾਰ ਹੋ ਗਏ। ਹਰਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਪਤਨੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਜਿਸ ਨੂੰ ਸਮਰਾਲਾ ਦੇ ਪ੍ਰਾਈਵੇਟ ਹਸਪਤਾਲ ਵੀ ਲਿਆਂਦਾ ਗਿਆ ਅਤੇ ਮੇਰੇ ਘਰਵਾਲੀ ਦੇ ਸਿਰ ਤੇ ਚਾਰ ਟਾਂਕੇ ਵੀ ਲੱਗੇ ਹਨ। ਹਰਿੰਦਰ ਸਿੰਘ ਨੇ ਕਿਹਾ ਕਿ ਮਾਹੌਲ ਇੰਨਾ ਖਰਾਬ ਹੋ ਚੁੱਕਾ ਹੈ ਕਿ ਔਰਤਾਂ ਸਮਾਨ ਖਰੀਦਣ ਸੁਰੱਖਿਅਤ ਸ਼ਹਿਰ ਵੀ ਨਹੀਂ ਜਾ ਸਕਦੀਆਂ। ਪੁਲਿਸ ਪ੍ਰਸ਼ਾਸਨ ਨੂੰ ਅਣਪਛਾਤੇ ਲੁਟੇਰਿਆਂ ਤੇ ਨੱਥ ਪਾਉਣੀ ਚਾਹੀਦੀ ਹੈ।