ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀ ਦਰਬਾਰ ਸਾਹਿਬ ’ਚੋਂ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਕੀਤੀ ਅਪੀਲ ’ਤੇ ਪ੍ਰਤੀਕਿਰਿਆ ਦਿੱਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਕਿਹਾ ਕਿ ਸਰਕਾਰ ਦੇ ਕਾਰਜ ਆਪਣੇ ਹੁੰਦੇ ਹਨ ਤੇ ਧਰਮ ਦੇ ਖੇਤਰ ਦੇ ਆਪਣੇ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਸਾਨੂੰ ਚੈਨਲ ਚਲਾਉਣ ਦੇ ਮਾਮਲੇ ’ਚ ਸਰਕਾਰ ਦੀ ਕੋਈ ਜ਼ਰੂਰਤ ਨਹੀਂ ਹੈ ਪਰ ਤੁਸੀਂ ਇਹ ਬਿਆਨ ਦੇ ਕੇ ਦੋਹਰੀ ਸਿਆਸਤ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਕਿ ਧਰਮ ’ਚ ਕੋਈ ਦਖਲਅੰਦਾਜ਼ੀ ਨਹੀਂ ਕਰਾਂਗੇ ਤੇ ਇਸ ਬਿਆਨ ਨਾਲ ਤੁਹਾਡਾ ਦੋਹਰਾ ਪੱਖ ਨੰਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਮੈਂ ਇਨ੍ਹਾਂ ਨੂੰ ਬੇਨਤੀ ਕਰਦਾ ਹਾਂ ਕਿ ਧਰਮ ਜ਼ਰੀਏ ਸਿਆਸਤ ਨਾ ਕੀਤੀ ਜਾਵੇ, ਕਮੇਟੀ ਸਾਰੇ ਕਾਰਜ ਕਰਨ ਦੇ ਖੁਦ ਸਮਰੱਥ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰੂਘਰਾਂ ਦੀਆਂ ਸੇਵਾਵਾਂ ਸੰਗਤਾਂ ਵੱਲੋਂ ਦਿੱਤੀਆਂ ਭੇਟਾਵਾਂ ਨਾਲ ਚਲਦੀਆਂ ਹਨ ਅਤੇ ਸੰਗਤਾਂ ਹਰ ਕਾਰਜ ਕਰਨ ਦੇ ਸਮਰੱਥ ਹਨ।
ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੂਬਾ ਸਰਕਾਰ ਨੂੰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਆਧੁਨਿਕ ਪ੍ਰਸਾਰਣ/ਸੰਚਾਰ ਤਕਨੀਕਾਂ ਨੂੰ ਸਥਾਪਿਤ ਕਰਨ ਦੀ ਇਜਾਜ਼ਤ ਦੇਣ ਦੀ ਅਪੀਲ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ‘ਸਰਬ ਸਾਂਝੀ ਗੁਰਬਾਣੀ’ ਦੇ ਦੁਨੀਆਂ ਭਰ ’ਚ ਪਸਾਰ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਮਦਦ ਦਿੱਤੀ ਜਾਵੇਗੀ ਤਾਂ ਜੋ ‘ਸਰਬੱਤ ਦੇ ਭਲੇ’ ਦੇ ਇਲਾਹੀ ਸੰਦੇਸ਼ ਨੂੰ ਦੁਨੀਆ ਭਰ ਵਿਚ ਵਸਦੇ ਲੋਕਾਂ ਤੱਕ ਪਹੁੰਚਾਇਆ ਜਾ ਸਕੇ।