ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁਹਾਲੀ ਦੇ ਡੇਰਾਬੱਸੀ 'ਚ ਪੰਜਾਬ ਪੁਲੀਸ ਦੇ ASI ਬਲਵਿੰਦਰ ਸਿੰਘ ਵੱਲੋਂ ਇੱਕ ਵਿਅਕਤੀ ਦੇ ਪੱਟ 'ਚ ਗੋਲੀ ਮਾਰਨ ਦੇ ਮਾਮਲੇ 'ਚ ਸਸਪੈਂਡ ਕਰ ਦਿੱਤਾ ਗਿਆ ਹੈ। ਡੇਰਾਬੱਸੀ ਥਾਣੇ ਦੇ ਐਸਐਚਓ ਜਸਕੰਵਲ ਸਿੰਘ ਦਾ ਕਹਿਣਾ ਹੈ ਕਿ ਸੀਨੀਅਰ ਅਧਿਕਾਰੀਆਂ ਦੀ ਅਗਵਾਈ 'ਚ ਜਾਂਚ ਚੱਲ ਰਹੀ ਹੈ।
ਪੱਟ 'ਚ ਗੋਲੀ ਲੱਗਣ ਵਾਲੇ ਨੌਜਵਾਨ ਦੀ ਹਾਲਤ ਖਤਰੇ ਤੋਂ ਬਾਹਰ ਹੈ। ਇਸ ਘਟਨਾ ਨਾਲ ਸਬੰਧਤ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਜ਼ਖ਼ਮੀ ਵਿਅਕਤੀ ਪੁਲਿਸ ਨੂੰ ਚੁਣੌਤੀ ਦੇ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਅਧਿਕਾਰੀ ਉਸ 'ਤੇ ਗੋਲੀ ਚਲਾ ਦਿੰਦਾ ਹੈ।
ਮੁਲਜ਼ਮ ਏਐਸਆਈ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲੀਸ ਡੇਰਾਬੱਸੀ ਦੇ ਪਿੰਡ ਹੈਬੇਤਪੁਰ ਦੀ ਚੌਕੀ ’ਤੇ ਨਾਕਾ ਲਗਾ ਕੇ ਡਰਾਈਵਰਾਂ ਤੋਂ ਪੁੱਛਗਿੱਛ ਕਰ ਰਹੀ ਸੀ। ਚੈਕਿੰਗ ਲਈ ਪੁਲੀਸ ਟੀਮ ਨੇ ਬਾਈਕ ਸਵਾਰ ਜੋੜੇ ਨੂੰ ਵੀ ਰੋਕ ਲਿਆ ਤੇ ਔਰਤ ਨੂੰ ਬੈਗ ਦੀ ਜਾਂਚ ਕਰਨ ਲਈ ਕਿਹਾ। ਔਰਤ ਬੈਗ ਦੀ ਜਾਂਚ ਕਰਵਾਉਣ ਲਈ ਰਾਜ਼ੀ ਨਹੀਂ ਹੋਈ, ਜਿਸ 'ਤੇ ਪਤੀ-ਪਤਨੀ ਦੀ ਪੁਲੀਸ ਵਾਲਿਆਂ ਨਾਲ ਬਹਿਸ ਹੋ ਗਈ।
ਬਲਵਿੰਦਰ ਸਿੰਘ ਅਨੁਸਾਰ ਉਸੇ ਸਮੇਂ ਔਰਤ ਨੇ ਆਪਣੇ ਭਰਾ ਨੂੰ ਬੁਲਾਇਆ, ਜਿਸ ਦਾ ਨਾਂ ਹਿਤੇਸ਼ ਹੈ। ਹਿਤੇਸ਼ ਦੇ ਆਉਣ ਤੋਂ ਬਾਅਦ ਤਕਰਾਰ ਵਧ ਗਈ। ਪਰਿਵਾਰ ਨੂੰ ਬੇਕਾਬੂ ਹੁੰਦਾ ਦੇਖ ਕੇ ਉਸ ਨੂੰ ਜਾਨ ਬਚਾਉਣ ਲਈ ਹਿਤੇਸ਼ ਨੂੰ ਕਮਰ ਤੋਂ ਹੇਠਾਂ ਗੋਲੀ ਮਾਰਨੀ ਪਈ।
ਹਸਪਤਾਲ 'ਚ ਦਾਖ਼ਲ ਜ਼ਖ਼ਮੀ ਹਿਤੇਸ਼ ਅਨੁਸਾਰ ਉਸ ਦਾ ਜੀਜਾ ਤੇ ਭੈਣ ਹੈਬਤਪੁਰ ਰੋਡ ’ਤੇ ਆ ਰਹੇ ਸਨ। ਉੱਥੇ ਪੁਲਿਸ ਨੇ ਦੋਵਾਂ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਧਿਰਾਂ 'ਚ ਬਹਿਸ ਹੋ ਗਈ ਤਾਂ ਏਐਸਆਈ ਬਲਵਿੰਦਰ ਸਿੰਘ ਨੇ ਰੰਜਿਸ਼ ਦੇ ਚੱਲਦਿਆਂ ਉਸ ਨੂੰ ਗੋਲੀ ਮਾਰ ਦਿੱਤੀ।