ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਸਟਰੇਲੀਅਨ ਓਪਨ 'ਚ ਆਪਣਾ ਤੀਜਾ ਗਰੈਂਡ ਸਲੈਮ ਜਿੱਤਣ ਤੋਂ 2 ਮਹੀਨੇ ਤੋਂ ਵੀ ਘੱਟ ਸਮੇਂ ਬਾਅਦ ਐਸ਼ਲੇ ਬਾਰਟੀ ਨੇ ਟੈਨਿਸ ਤੋਂ ਸੰਨਿਆਸ ਲੈ ਲਿਆ। ਬਾਰਟੀ ਦੀ ਉਮਰ ਸਿਰਫ਼ 25 ਸਾਲ ਹੈ ਅਤੇ ਉਨ੍ਹਾਂ ਨੇ ਵਿਸ਼ਵ ਵਿਚ ਨੰਬਰ ਇਕ ਸਥਾਨ 'ਤੇ ਰਹਿੰਦੇ ਹੋਏ ਇਹ ਫ਼ੈਸਲਾ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
ਉਨ੍ਹਾਂ ਕਿਹਾ, 'ਮੈਂ ਬਹੁਤ ਖ਼ੁਸ਼ ਹਾਂ ਅਤੇ ਮੈਂ ਇਸ ਲਈ ਪੂਰੀ ਤਰ੍ਹਾਂ ਤਿਆਰ ਹਾਂ। ਮੈਂ ਇਸ ਸਮੇਂ ਸਿਰਫ਼ ਆਪਣੇ ਦਿਲ ਦੀ ਸੁਣ ਰਹੀ ਹਾਂ ਅਤੇ ਮੈਂ ਜਾਣਦੀ ਹਾਂ ਕਿ ਇਹ ਸਹੀ ਫ਼ੈਸਲਾ ਹੈ।' ਬਾਰਟੀ ਨੇ ਕਿਹਾ ਹੁਣ ਹੋਰ ਸਫ਼ਨਿਆਂ ਨੂੰ ਸਾਕਾਰ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਿਕਹਾ ਕਿ ਉਹ ਹੁਣ ਖ਼ੁਦ ਨੂੰ ਉਹ ਸਭ ਕਰਨ ਲਈ ਮਜਬੂਰ ਨਹੀਂ ਕਰਦੀ ਜੋ ਉਸ ਦੀ ਨਜ਼ਰ ਵਿਚ ਟੈਨਿਸ ਵਿਚ ਸਰਵਸ੍ਰੇਸ਼ਠ ਬਣਨ ਲਈ ਜ਼ਰੂਰੀ ਹੈ। ' ਉਨ੍ਹਾਂ ਿਕਹਾ, 'ਮੇਰੇ ਅੰਦਰ ਉਹ ਸਰੀਰਕ ਤਾਕਤ, ਉਹ ਇੱਛਾ ਸ਼ਕਤੀ ਅਤੇ ਉਹ ਸਭ ਚੀਜਾਂ ਨਹੀਂ ਹਨ ਜੋ ਉੱਚ ਪੱਧਰ 'ਤੇ ਖ਼ੁਦ ਨੂੰ ਚੁਣੌਤੀ ਦੇਣ ਲਈ ਜ਼ਰੂਰੀ ਹੁੰਦੀਆਂ ਹਨ।'
2011 ਵਿਚ 15 ਸਾਲ ਦੀ ਉਮਰ ਵਿਚ ਵਿੰਬਲਡਨ ਜੂਨੀਅਰ ਚੈਂਪੀਅਨ ਬਣੀ ਅਤੇ ਉਨ੍ਹਾਂ ਦਾ ਕਰੀਅਰ ਸ਼ਾਨਦਾਰ ਨਜ਼ਰ ਆ ਰਿਹਾ ਸੀ ਪਰ ਉਨ੍ਹਾਂ ਨੇ 2014 ਵਿਚ ਥਕਾਵਟ, ਦਬਾਅ ਅਤੇ ਲੰਬੇ ਸਫ਼ਰ ਕਾਰਨ ਖ਼ੁਦ ਨੂੰ 2 ਸਾਲ ਤੱਕ ਖੇਡ ਤੋਂ ਦੂਰ ਰੱਖਿਆ। ਬਾਰਟੀ ਨੰਬਰ ਇਕ 'ਤੇ ਰਹਿੰਦੇ ਹੋਏ ਸੰਿਨਆਸ ਲੈਣ ਵਾਲੀ ਦੂਜੀ ਖਿਡਾਰਨ ਬਣ ਗਈ ਹੈ।