ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਵਿਖੇ ਬਰਥਡੇ ਪਾਰਟੀ ਮਨਾ ਰਹੇ ਕੁਝ ਦੋਸਤਾਂ ’ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਤੋਂ ਬਾਅਦ ਦੋਸਤਾਂ ਨੇ ਮਿਲ ਕੇ ਆਪਣੇ ਹੀ ਇਕ ਸਾਥੀ ’ਤੇ ਹਮਲਾ ਕਰ ਦਿੱਤਾ। ਜ਼ਖਮੀ ਨੌਜਵਾਨ 30 ਸਾਲਾ ਰੁਸਤਮ ਹੈ, ਜਿਸ ਨੂੰ ਗੰਭੀਰ ਹਾਲਤ ਵਿਚ ਡੀ. ਐੱਮ. ਸੀ. ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਐੱਸ. ਐੱਚ. ਓ. ਜਸਕੰਵਲ ਸਿੰਘ ਸੇਖੋਂ ਨੇ ਦੱਸਿਆ ਕਿ ਬਰਥ-ਡੇ ਪਾਰਟੀ ਮਨਾਉਣ ਲਈ ਪਹਿਲਾਂ ਰਾਜਪੁਰਾ ਰੋਡ ਸਥਿਤ ਅਹਾਤੇ ’ਚ ਇਕੱਠੇ ਹੋਏ ਸਨ, ਜਿੱਥੇ ਉਨ੍ਹਾਂ ਨੇ ਬਰਥ-ਡੇ ਮਨਾਇਆ। ਪਾਰਟੀ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋਸਤਾਂ ਦੀ ਆਪਸ ’ਚ ਬਹਿਸਬਾਜ਼ੀ ਹੋ ਗਈ ਪਰ ਵਿਚ ਬਚਾਅ ਕਰ ਕੇ ਨੌਜਵਾਨਾਂ ਨੇ ਝਗੜਾ ਖਤਮ ਕਰਵਾ ਦਿੱਤਾ ਅਤੇ ਸਾਰੇ ਆਪੋ-ਆਪਣੇ ਘਰ ਚਲੇ ਗਏ ਸਨ।
ਇਸ ਤੋਂ ਬਾਅਦ ਰੁਸਤਮ ਫਿਰ ਕੁਝ ਦੇਰ ਬਾਅਦ ਫਿਰੋਜ਼ਪੁਰ ਰੋਡ ਕੋਲ ਆਪਣੇ ਦੋਸਤ ਨੂੰ ਮਿਲਣ ਗਿਆ ਸੀ, ਜਿੱਥੇ ਉਸ ਦੇ ਦੋਸਤਾਂ ਨੇ ਉਸ ਨੂੰ ਫਿਰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।ਪੁਲਿਸ ਨੇ ਕਿਹਾ ਹੈ ਕਿ ਜਲਦ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ।