ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਕਾਨੂੰਨ 'ਤੇ ਦਸਤਖ਼ਤ ਕੀਤੇ ਜਿਸ ਤਹਿਤ ਟੈਕਸਾਸ ਵਿਚ ਇਕ ਡਾਕਖਾਨੇ ਦਾ ਨਾਂ ਮਰਹੂਮ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂ 'ਤੇ ਹੋਵੇਗਾ। ਇਕ ਸਾਲ ਪਹਿਲੇ ਹਿਊਸਟਨ ਵਿਚ ਆਵਾਜਾਈ ਪ੍ਰਬੰਧ ਸੰਭਾਲਣ ਦੌਰਾਨ ਧਾਲੀਵਾਲ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਦੱਸ ਦਈਏ ਕਿ ਵ੍ਹਾਈਟ ਹਾਊਸ ਨੇ ਇਕ ਬਿਆਨ ਵਿਚ ਦੱਸਿਆ ਕਿ ਟਰੰਪ ਨੇ ਟੈਕਸਾਸ ਦੇ ਹਿਊਸਟਨ ਵਿਚ 315 ਏਡਿਕਸ ਹੋਵੇਲ ਰੋਡ 'ਤੇ ਸਥਿਤ ਡਾਕਖਾਨੇ ਦਾ ਨਾਂ ਡਿਪਟੀ ਸੰਦੀਪ ਸਿੰਘ ਧਾਲੀਵਾਲ ਪੋਸਟ ਆਫਿਸ ਬਿਲਡਿੰਗ ਕਰਨ ਨਾਲ ਸਬੰਧਤ ਕਾਨੂੰਨ 'ਤੇ ਦਸਤਖ਼ਤ ਕੀਤੇ ਹਨ।
ਅਮਰੀਕਾ ਵਿਚ ਭਾਰਤਵੰਸ਼ੀਆਂ ਦੇ ਨਾਂ 'ਤੇ ਦੋ ਡਾਕਖਾਨਿਆਂ ਦੇ ਨਾਂ ਰੱਖੇ ਗਏ ਹਨ। ਇਸ ਤੋਂ ਪਹਿਲੇ ਸਾਲ 2006 ਵਿਚ ਦੱਖਣੀ ਕੈਲੀਫੋਰਨੀਆ ਵਿਚ ਪਹਿਲੇ ਭਾਰਤਵੰਸ਼ੀ ਐੱਮਪੀ ਦਲੀਪ ਸਿੰਘ ਸੌਂਦ ਦੇ ਨਾਂ 'ਤੇ ਡਾਕਖਾਨੇ ਦਾ ਨਾਂ ਰੱਖਿਆ ਗਿਆ ਸੀ। ਪ੍ਰਤੀਨਿਧੀ ਸਭਾ ਅਤੇ ਸੈਨੇਟ ਨੇ ਇਸ ਸਬੰਧ ਵਿਚ ਹਾਲ ਹੀ ਵਿਚ ਇਕ ਬਿੱਲ ਪਾਸ ਕੀਤਾ ਸੀ। ਟੈਕਸਾਸ ਦੇ ਐੱਮਪੀ ਟੇਡ ਕਰੂਜ਼ ਨੇ ਸੈਨੇਟ ਵਿਚ ਕਿਹਾ ਸੀ ਕਿ ਧਾਲੀਵਾਲ ਨਾਇਕ ਅਤੇ ਮਾਰਗ ਦਰਸ਼ਕ ਸਨ ਜਿਨ੍ਹਾਂ ਦੇ ਕੰਮਾਂ ਤੋਂ ਸਿੱਖਾਂ ਅਤੇ ਧਾਰਮਿਕ ਘੱਟ ਗਿਣਤੀਆਂ ਨੂੰ ਪ੍ਰਰੇਰਣਾ ਮਿਲੇਗੀ।