ਗੁਰਦਾਸਪੁਰ (ਨੇਹਾ): ਜੰਮੂ-ਕਸ਼ਮੀਰ ਦੇ ਊਧਮਪੁਰ ਵਿੱਚ ਪੰਜਾਬ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਡਿਊਟੀ ਦੌਰਾਨ ਜਵਾਨ ਦੀ ਮੌਤ ਹੋ ਗਈ। ਸ਼ਹੀਦ ਹੋਏ ਜਵਾਨ ਦੀ ਪਛਾਣ ਸਤਨਾਮ ਸਿੰਘ ਵਾਸੀ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ, ਜੋ ਊਧਮਪੁਰ ਵਿਖੇ ਡਿਊਟੀ 'ਤੇ ਸੀ। ਜਾਣਕਾਰੀ ਅਨੁਸਾਰ ਜਵਾਨ ਸਤਨਾਮ ਸਿੰਘ ਦੀ ਕਾਰ ਗਸ਼ਤ ਦੌਰਾਨ ਟੋਏ ਵਿੱਚ ਡਿੱਗ ਗਈ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਤਨਾਮ ਸਿੰਘ ਦੇ ਸ਼ਹੀਦ ਹੋਣ ਦੀ ਸੂਚਨਾ ਫੋਨ 'ਤੇ ਮਿਲੀ, ਜਿਸ ਤੋਂ ਬਾਅਦ ਪਰਿਵਾਰ ਸਮੇਤ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਦੱਸਿਆ ਜਾ ਰਿਹਾ ਹੈ ਕਿ ਉਕਤ ਫੌਜੀ ਦੀ ਮ੍ਰਿਤਕ ਦੇਹ ਐਤਵਾਰ ਨੂੰ ਪਿੰਡ ਪਹੁੰਚ ਜਾਵੇਗੀ, ਜਿੱਥੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਾਨਸਾ ਦੇ ਪਿੰਡ ਅਕਲੀਆ ਦਾ ਰਹਿਣ ਵਾਲਾ ਅਗਨੀਵੀਰ ਲਵਪ੍ਰੀਤ ਸਿੰਘ ਜੰਮੂ-ਕਸ਼ਮੀਰ ਦੇ ਕੁਪਵਾੜਾ ਵਿੱਚ ਸ਼ਹੀਦ ਹੋ ਗਿਆ ਸੀ। ਲਵਪ੍ਰੀਤ ਸਿੰਘ ਅੱਤਵਾਦੀਆਂ ਦੀ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ ਸੀ।