ਨਿਊਜ਼ ਡੈਸਕ (ਰਿੰਪੀ ਸ਼ਰਮਾ ) : ਨਕੋਦਰ ਅਧੀਨ ਆਉਂਦੇ ਪਿੰਡ ਮੱਲ੍ਹੀਆਂ ਖ਼ੁਰਦ ’ਚ ਚਲਦੇ ਕਬੱਡੀ ਟੂਰਨਾਮੈਂਟ ਦੌਰਾਨ ਨਾਮਵਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਸੰਦੀਪ ਕਤਲ ਕਾਂਡ ’ਚ ਜਲੰਧਰ ਦਿਹਾਤੀ ਪੁਲਿਸ ਨੇ ਵਿਦੇਸ਼ਾਂ ’ਚ ਰਹਿੰਦੇ ਵਿਅਕਤੀਆਂ ਨੂੰ ਮੁੱਖ ਸਾਜ਼ਿਸ਼ਘਾੜਿਆਂ ਦੇ ਤੌਰ ’ਤੇ ਨਾਮਜ਼ਦ ਕਰਕੇ ਇਸ ਵੱਡੇ ਕਤਲ ਕਾਂਡ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਸੀ ਪਰ ਸੰਦੀਪ ਦੇ ਅੰਨ੍ਹੇਵਾਹ ਗੋਲ਼ੀਆਂ ਮਾਰਨ ਵਾਲੇ ਗੈਂਗਸਟਰਾਂ ਦਾ ਖ਼ੁਲਾਸਾ ਨਹੀਂ ਕੀਤਾ ਸੀ।
ਸੰਦੀਪ ਨੰਗਲ ਅੰਬੀਆਂ ਕਤਲ ਕਾਂਡ ’ਚ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ 'ਤੇ ਹੋਰ ਵਿਅਕਤੀਆਂ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਜਦੋਂ ਸੰਦੀਪ ’ਤੇ ਫਾਇਰਿੰਗ ਕੀਤੀ ਤਾਂ ਇਕ ਮੁਲਜ਼ਮ ਜਦੋਂ ਪਿਸਤੌਲ ’ਚ ਮੈਗਜ਼ੀਨ ਲੋਡ ਕਰਨ ਲੱਗਾ ਤਾਂ ਉਸ ਦੇ ਆਪਣੇ ਪੱਟ ’ਚ ਗੋਲ਼ੀ ਲੱਗ ਗਈ ਸੀ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਉਸ ਦੇ ਸਾਥੀ ਉਸ ਨੂੰ ਜ਼ਖ਼ਮੀ ਹਾਲਤ ’ਚ ਹੀ ਪੰਜਾਬ ਤੋਂ ਬਾਹਰ ਲੈ ਗਏ।
ਮੌਕਾ-ਏ-ਵਾਰਦਾਤ ਤੋਂ ਭੱਜਣ ਲਈ ਗੱਡੀ ਅਤੇ ਹਥਿਆਰ ਮੁਹੱਈਆ ਕਰਾਉਣ ਵਿਚ ਮੱਦਦ ਕਰਨ ਵਾਲੇ ਹੋਰ ਵਿਅਕਤੀਆਂ ਸਮੇਤ ਹੁਣ ਤੱਕ ਇਕ ਕੁੜੀ ਸਮੇਤ 22 ਮੁਲਜ਼ਮਾਂ ਨੂੰ ਕਤਲ ਮਾਮਲੇ ’ਚ ਨਾਮਜ਼ਦ ਕਰਕੇ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।