ਨਿਊਜ਼ ਡੈਸਕ : ਦੇਸ਼ ਭਰ 'ਚ ਵੱਧ ਰਹੀ ਮਹਿੰਗਾਈ ਨੇ ਜਿੱਥੇ ਜਨਤਾ ਦਾ ਲੱਕ ਤੋੜ ਦਿੱਤਾ ਹੈ, ਉੱਥੇ ਹੀ ਹੁਣ ਪੈਟਰੋਲ-ਡੀਜ਼ਲ ਦੇ ਰੇਟਾਂ ਵਿਚ ਲਗਾਤਾਰ ਹੋ ਰਹੇ ਵਾਧੇ ਨਾਲ ਵਾਹਨ ਚਾਲਕਾਂ ’ਤੇ ਬੋਝ ਵੱਧ ਰਿਹਾ ਹੈ। ਡੀਜ਼ਲ ਦੇ ਰੇਟ ਵਧਣ ਨਾਲ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (PRTC) ਨੇ ਵੀ ਬੱਸਾਂ ਦਾ ਕਿਰਾਇਆ ਵਧਾਉਣ ਲਈ ਪੰਜਾਬ ਸਰਕਾਰ ਨੂੰ ਪ੍ਰਸਤਾਵ ਭੇਜ ਕੇ ਕਿਰਾਏ ਵਿਚ ਪ੍ਰਤੀ ਕਿਲੋਮੀਟਰ 10 ਪੈਸੇ ਦੇ ਵਾਧੇ ਦੀ ਮੰਗ ਕੀਤੀ ਹੈ। ਵਿਭਾਗੀ ਜਾਣਕਾਰੀ ਮੁਤਾਬਕ PRTC ਦੀਆਂ ਬੱਸਾਂ ਵਿਚ ਰੋਜ਼ਾਨਾ ਦੇ ਹਿਸਾਬ ਨਾਲ 80 ਹਜ਼ਾਰ ਡੀਜ਼ਲ ਦੀ ਖ਼ਪਤ ਹੋ ਰਹੀ ਹੈ ਅਤੇ ਡੀਜ਼ਲ ਪਵਾਉਣ ’ਤੇ ਕਾਰਪੋਰੇਸ਼ਨ ਦਾ ਕਰੀਬ 72 ਲੱਖ ਰੁਪਏ ਪ੍ਰਤੀ ਦਿਨ ਖ਼ਰਚ ਆ ਰਿਹਾ ਹੈ।
ਆਰਥਿਕ ਮੁਸ਼ਕਲਾਂ ਦਾ ਹਵਾਲਾ ਦਿੰਦੇ ਹੋਏ PRTC ਦੀ ਮੈਨੇਜਿੰਗ ਡਾਇਰੈਕਟਰ ਪ੍ਰਨੀਤ ਕੌਰ ਸ਼ੇਰਗਿੱਲ ਨੇ ਦੱਸਿਆ ਕਿ ਡੀਜ਼ਲ ਦੇ ਵੱਧਦੇ ਰੇਟਾਂ ਨਾਲ ਕਾਰਪੋਰੇਸ਼ਨ ਲਈ ਆਪਣੇ ਖ਼ਰਚੇ ਪੂਰਾ ਕਰਨਾ ਕਾਫੀ ਮੁਸ਼ਕਲ ਹੋ ਰਿਹਾ ਹੈ। ਉੱਪਰੋਂ 6ਵਾਂ ਪੇਅ-ਕਮਿਸ਼ਨ ਲਾਗੂ ਕਰਨ ਤੋਂ ਬਾਅਦ ਤਨਖ਼ਾਹ ਵੀ ਵੱਧ ਗਈ ਹੈ। ਉਨ੍ਹਾਂ ਦੱਸਿਆ ਕਿ ਡੀਜ਼ਲ ਦੇ ਰੇਟ ਜਿਸ ਤਰ੍ਹਾਂ ਰੋਜ਼ਾਨਾ ਵੱਧ ਰਹੇ ਹਨ ਤੇ ਆਉਣ ਵਾਲੇ ਦਿਨਾਂ 'ਚ ਖ਼ਰਚ ਵਿਚ ਹੋਰ ਇਜ਼ਾਫੇ ਦੀ ਸੰਭਾਵਨਾ ਹੈ। ਇਸ ਸਮੇਂ PRTC ਬੱਸਾਂ ਦਾ ਕਿਰਾਇਆ ਪ੍ਰਤੀ ਕਿਲੋਮੀਟਰ 1 ਰੁਪਏ 22 ਪੈਸੇ ਹੈ। ਕੈਬਨਿਟ ਦੀ ਮੀਟਿੰਗ 'ਚ ਕਾਰਪੋਰੇਸ਼ਨ ਦਾ ਪ੍ਰਸਤਾਵ ਜੇਕਰ ਮੰਨ ਲਿਆ ਗਿਆ ਤਾਂ PRTC ਬੱਸਾਂ ਦਾ ਕਿਰਾਇਆ ਪ੍ਰਤੀ ਕਿਲੋਮੀਟਰ 1 ਰੁਪਏ 32 ਪੈਸੇ ਹੋ ਜਾਵੇਗਾ, ਜਿਸ ਨਾਲ ਪੀਆਰਟੀਸੀ ਦੀ ਰੋਜ਼ਾਨਾ ਦੀ ਆਮਦਨ 10 ਲੱਖ ਰੁਪਏ ਤੱਕ ਵੱਧ ਜਾਵੇਗੀ।