ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਣ ਅਤੇ ਮੁੱਖ ਮੰਤਰੀ ਕੁਰਸੀ ਸੰਭਾਲਣ ਤੋਂ ਬਾਅਦ ਭਗਵੰਤ ਮਾਨ ਵਲੋਂ ਇਕ ਤੋਂ ਬਾਅਦ ਇਕ ਵੱਡੇ ਫ਼ੈਸਲੇ ਲਏ ਜਾ ਰਹੇ ਹਨ। ਪੰਜਾਬ ਦੇ ਵਿੱਤੀ ਹਾਲਾਤ ਨੂੰ ਦੇਖਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੁਣ ਇਕ ਹੋਰ ਫੈ਼ਸਲਾ ਲੈਂਦਿਆਂ ਸੂਬੇ ਨੂੰ ਹੁਣ ਤਕ ਹੋਏ ਵਿੱਤੀ ਨੁਕਸਾਨ ਦੀ ਜਾਂਚ ਕਰਵਾਉਣ ਦਾ ਐਲਾਨ ਕੀਤਾ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਦੋਸ਼ੀ ਭਾਵੇਂ ਕੋਈ ਸਿਆਸੀ ਆਗੂ, ਅਫਸਰ ਜਾਂ ਮੁਲਾਜ਼ਮ ਕਿਉਂ ਨਾ ਹੋਵੇ, ਉਸ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੰਜਾਬ 3 ਲੱਖ ਕਰੋੜ ਰੁਪਏ ਦੇ ਕਰਜ਼ੇ ਵਿਚ ਡੁੱਬਿਆ ਹੈ। ਇਹ ਕਰਜ਼ ਇੰਝ ਹੀ ਸੂਬੇ ਸਿਰ ਨਹੀਂ ਚੜ੍ਹਿਆ, ਇਸ ਦੇ ਪਿੱਛੇ ਠੋਸ ਕਾਰਣ ਰਹੇ ਹੋਣਗੇ। ਹੁਣ ਤਕ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਲੁੱਟਿਆ ਹੈ, ਪੰਜਾਬ ਨੂੰ ਕਰਜ਼ਧਾਰੀ ਬਣਾ ਦਿੱਤਾ ਹੈ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਆਪੋ-ਆਪਣੇ ਹਲਕੇ ਵਿਚ ਰੁਕੇ ਹੋਏ ਵਿਕਾਸ ਕਾਰਜਾਂ, ਪੈਂਡਿੰਗ ਪ੍ਰਾਜੈਕਟਾਂ ਦੀ ਰਿਪੋਰਟ ਤਿਆਰ ਕਰਨ ਲਈ ਵੀ ਆਖਿਆ ਹੈ ਤਾਂ ਕਿ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਵਾਇਆ ਜਾ ਸਕੇ।