ਕਾਬੁਲ (ਦੇਵ ਇੰਦਰਜੀਤ) : ਤਾਲਿਬਾਨ ਨੇ ਵੀਰਵਾਰ ਨੂੰ ਦੇਸ਼ ਦੇ 102ਵੇਂ ਆਜ਼ਾਦੀ ਦਿਹਾੜੇ ਮੌਕੇ ਇਸਲਾਮਿਕ ਅਮੀਰਾਤ ਆਫ ਅਫਗਾਨਿਸਤਾਨ ਦੇ ਗਠਨ ਦਾ ਐਲਾਨ ਕੀਤਾ। ਤਾਲਿਬਾਨ ਦੇ ਬੁਲਾਰੇ ਜਬੀਉਲਾਹ ਮੁਹੈਦ ਨੇ ਆਪਣੇ ਟਵਿਟਰ ਅਕਾਊਂਟ ’ਤੇ ਇਹ ਐਲਾਨ ਕੀਤਾ।
ਵੀਟ ਵਿਚ ਲਿਖਿਆ, ‘ਦੇਸ਼ ਦੀ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦੀ ਦੀ 102ਵੀਂ ਵਰ੍ਹੇਗੰਢ ਮੌਕੇ ਇਸਲਾਮਿਕ ਅਮੀਰਾਤ ਆਫ ਅਫਗਾਨਿਸਤਾਨ ਦਾ ਐਲਾਨ ਕੀਤਾ ਜਾਂਦਾ ਹੈ।’ ਤਾਲਿਬਾਨ ਨੇ ਐਤਵਾਰ ਨੂੰ ਰਾਜਧਾਨੀ ਕਾਬੁਲ ’ਤੇ ਕਬਜ਼ਾ ਕਰ ਲਿਆ ਸੀ, ਇਸ ਦੇ ਬਾਅਦ ਰਾਸ਼ਟਰਪਤੀ ਅਸ਼ਰਫ ਗਨੀ ਕਾਬੁਲ ਛੱਡ ਕੇ ਚਲੇ ਗਏ ਸਨ। ਕੱਟੜਪੰਥੀ ਸਮੂਹ ਤਾਲਿਬਾਨ ਨੇ ਐਲਾਨ ਕੀਤਾ ਹੈ ਕਿ ਉਹ ਜਲਦ ਹੀ ਨਵੀਂ ਸਰਕਾਰ ਦੇ ਗਠਨ ਦਾ ਐਲਾਨ ਕਰੇਗਾ ਅਤੇ ਸਰਕਾਰ ਸ਼ਰੀਅਤ ਕਾਨੂੰਨ ਮੁਤਾਬਕ ਚਲਾਈ ਜਾਏਗੀ।
ਅਮੀਰਾਤ ਸ਼ਬਦ ਅਮੀਰ ਤੋਂ ਬਣਿਆ ਹੈ। ਇਸਲਾਮ ਵਿਚ ਅਮੀਰ ਦਾ ਮਤਲਬ ਪ੍ਰਮੁੱਖ ਜਾਂ ਪ੍ਰਧਾਨ ਨਾਲ ਹੁੰਦਾ ਹੈ। ਇਸ ਅਮੀਰ ਤਹਿਤ ਜੋ ਵੀ ਜਗ੍ਹਾ ਜਾਂ ਸ਼ਹਿਰ ਜਾਂ ਦੇਸ਼ ਆਉਂਦਾ ਹੈ, ਉਹ ਅਮੀਰਾਤ ਕਹਾਉਂਦਾ ਹੈ। ਇਸ ਤਰ੍ਹਾਂ ਇਸਲਾਮਿਕ ਅਮੀਰਾਤ ਆਫ ਅਫਗਾਨਿਸਤਾਨ ਦਾ ਮਤਲਬ ਹੋਇਆ ਇਕ ਇਸਲਾਮਿਕ ਦੇਸ਼। ਜਿਵੇਂ ਕਿ ਇਸਲਾਮਿਕ ਰਿਪਬਲਿਕਨ ਆਫ ਈਰਾਨ।