ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫ਼ਿਲੌਰ ' ਚ 8 ਸਾਲ ਦੇ ਬੱਚੇ ਨੂੰ ਖੇਡਣ ਤੋਂ ਰੋਕਣ ’ਤੇ ਗੁੱਸੇ ’ਚ ਆਏ ਪਿਓ ਨੇ ਆਪਣੇ ਹੀ ਬਜ਼ੁਰਗ ਪਿਤਾ ’ਤੇ ਘੋਟਣੇ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਨੇੜੇ ਦੇ ਪਿੰਡ ਚੀਮਾ ਖੁਰਦ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰ ਗਈ। ਮੁਲਜ਼ਮ ਰਾਕੇਸ਼ ਕੁਮਾਰ ਦੇ 3 ਬੱਚੇ ਹਨ। ਉਸ ਦਾ 8 ਸਾਲ ਦਾ ਮੁੰਡਾ ਆਪਣੇ ਘਰ ਅੰਦਰ ਖੇਡ ਰਿਹਾ ਸੀ। ਰਾਕੇਸ਼ ਗੁੱਸੇ ਵਿਚ ਗਾਲ੍ਹਾਂ ਕੱਢਦੇ ਹੋਏ ਆਪਣੇ ਬੱਚੇ ਨੂੰ ਖੇਡਣ ਤੋਂ ਰੋਕਣ ਲੱਗ ਪਿਆ। ਇਸ ਦੌਰਾਨ ਕਮਰੇ ਵਿਚ ਬੈਠਾ ਉਸ ਦਾ ਬਜ਼ੁਰਗ ਪਿਤਾ ਰਾਕੇਸ਼ ਨੂੰ ਆ ਕੇ ਕਹਿਣ ਲੱਗਾ ਕਿ ਉਹ ਉਸ ਦੇ ਪੋਤੇ ਨੂੰ ਖੇਡਣ ਤੋਂ ਕਿਉਂ ਰੋਕ ਰਿਹਾ ਹੈ।
ਪਿਤਾ ਦੀ ਇਸ ਗੱਲ ਤੋਂ ਹੋਰ ਗੁੱਸੇ ’ਚ ਆਏ ਰਕੇਸ਼ ਨੇ ਘਰ ਅੰਦਰ ਪਿਆ ਘੋਟਣਾ ਚੁੱਕ ਕੇ ਆਪਣੇ ਪਿਤਾ ਦੇ ਸਿਰ ’ਤੇ ਕਈ ਵਾਰ ਮਾਰ ਦਿੱਤਾ, ਜਿਸ ਨਾਲ ਬਜ਼ੁਰਗ ਗੁਰਮੇਲ ਚੰਦ ਦੀ ਮੌਕੇ ’ਤੇ ਮੌਤ ਹੋ ਗਈ। ਇਸ ਦੌਰਾਨ ਜਦੋਂ ਉਸ ਦੀ ਮਾਤਾ ਰਸ਼ਪਾਲ ਕੌਰ ਉਸ ਨੂੰ ਰੋਕਣ ਗਈ ਤਾਂ ਉਸ ਨੇ ਆਪਣੀ ਮਾਤਾ ਉਪਰ ਵੀ ਹਮਲਾ ਬੋਲ ਕਰਕੇ ਉਸ ਦਾ ਸਿਰ ਫਾੜ ਦਿੱਤਾ ਅਤੇ ਇਕ ਬਾਂਹ ਤੋੜ ਦਿੱਤੀ।
ਰਾਕੇਸ਼ ਦੀ ਪਤਨੀ ਰਾਜਵਿੰਦਰ ਕੌਰ ਆਪਣੀਆ ਦੋਵੇਂ ਕੁੜੀਆਂ ਨੂੰ ਬਚਾ ਕੇ ਘਰੋਂ ਬਾਹਰ ਲਿਜਾਣ ਵਿਚ ਕਾਮਯਾਬ ਹੋ ਗਈ। ਉਸ ਨੇ ਬਾਹਰ ਨਿਕਲਦੇ ਸਾਰ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਸ ਦੀ ਆਵਾਜ਼ ਸੁਣ ਕੇ ਪਿੰਡ ਵਾਸੀ ਆਏ, ਜਿਨ੍ਹਾਂ ਨੇ ਰਾਕੇਸ਼ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ।