ਪੱਤਰ ਪ੍ਰੇਰਕ : ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਮਾਮਲੇ 'ਚ ਮੁੰਬਈ ਪੁਲਸ ਦੀ ਹਿਰਾਸਤ 'ਚ ਰਹੇ ਮੁਲਜ਼ਮ ਅਨੁਜ ਥਾਪਨ ਨੂੰ ਲੈ ਕੇ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਮੁਲਜ਼ਮ ਅਨੁਜ ਨੇ ਪੁਲਿਸ ਹਿਰਾਸਤ 'ਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਤੋਂ ਬਾਅਦ ਮੁਲਜ਼ਮ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਮੁਲਜ਼ਮ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਹਸਪਤਾਲ 'ਚ ਉਸ ਦੀ ਮੌਤ ਹੋ ਗਈ।
ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਕਰਨ ਵਾਲੇ ਮੁੱਖ ਮੁਲਜ਼ਮ ਸਾਗਰ ਪਾਲ ਅਤੇ ਵਿੱਕੀ ਗੁਪਤਾ ਅਜੇ ਵੀ ਪੁਲਿਸ ਦੀ ਗ੍ਰਿਫਤ 'ਚ ਹਨ। ਇਨ੍ਹਾਂ ਦੋਵਾਂ ਮੁਲਜ਼ਮਾਂ ਨੇ 14 ਅਪ੍ਰੈਲ ਨੂੰ ਸਵੇਰੇ 5 ਵਜੇ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਕੀਤੀ ਸੀ। 32 ਸਾਲਾ ਮੁਲਜ਼ਮ ਅਨੁਜ ਥਾਪਨ ਦੀ ਮੌਤ 'ਤੇ ਡਿਪਟੀ ਪੁਲਿਸ ਕਮਿਸ਼ਨਰ ਦੱਤਾ ਨਲਾਵੜੇ ਨੇ ਕਿਹਾ ਹੈ, ਇਸ ਹਾਦਸੇ ਤੋਂ ਬਾਅਦ ਮੁਲਜ਼ਮ ਨੂੰ ਤੁਰੰਤ ਜੀਟੀ ਹਸਪਤਾਲ ਲਿਜਾਇਆ ਗਿਆ ਅਤੇ ਡਾਕਟਰ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਗਿਆ।
ਸਲਮਾਨ ਖਾਨ ਹਾਊਸ ਗੋਲੀਬਾਰੀ ਮਾਮਲੇ 'ਚ ਸਾਰੇ ਮੁਲਜ਼ਮ 'ਤੇ ਮਕੋਕਾ ਕਾਨੂੰਨ ਲਾਗੂ ਕਰਨ ਤੋਂ ਬਾਅਦ ਮਾਮਲੇ ਨੂੰ ਅਗਲੇਰੀ ਜਾਂਚ ਲਈ ਕ੍ਰਾਈਮ ਬ੍ਰਾਂਚ ਦੇ ਸੈੱਲ 9 ਦੇ ਸਹਾਇਕ ਪੁਲਿਸ ਕਮਿਸ਼ਨਰ ਨੂੰ ਸੌਂਪ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕ੍ਰਾਈਮ ਬ੍ਰਾਂਚ ਮਹਾਰਾਸ਼ਟਰ 'ਚ ਬਿਸ਼ਨੋਈ ਗੈਂਗ ਦੇ ਨੈੱਟਵਰਕ ਦੀ ਵੀ ਜਾਂਚ ਕਰ ਰਹੀ ਹੈ। ਮੁਲਜ਼ਮ ਵਿੱਕੀ ਗੁਪਤਾ (24), ਸਾਗਰ ਪਾਲ (21) ਅਤੇ ਅਨੁਜ ਥਾਪਨ (32) ਨੂੰ ਵਿਸ਼ੇਸ਼ ਮਕੋਕਾ ਅਦਾਲਤ ਨੇ 8 ਮਈ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਇਸ ਦੇ ਨਾਲ ਹੀ ਮੁਲਜ਼ਮ ਸੋਨੂੰ ਕੁਮਾਰ ਬਿਸ਼ਨੋਈ (ਉਮਰ 37) ਨੂੰ ਮੈਡੀਕਲ ਆਧਾਰ 'ਤੇ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਅਨੁਜ ਕੁਮਾਰ ਥਾਪਨ ਅਤੇ ਸੋਨੂੰ ਕੁਮਾਰ ਬਿਸ਼ਨੋਈ ਦੋਵਾਂ ਨੇ ਪਨਵੇਲ ਦੇ ਰਹਿਣ ਵਾਲੇ ਸਾਗਰ ਪਾਲ ਅਤੇ ਵਿੱਕੀ ਗੁਪਤਾ ਨੂੰ ਦੋ ਪਿਸਤੌਲ ਸਪਲਾਈ ਕੀਤੇ ਸਨ।