ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬੀ ਫ਼ਿਲਮ ‘ਸੌਂਕਣ ਸੌਂਕਣੇ’ ਦੁਨੀਆ ਭਰ ’ਚ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ’ਚ ਐਮੀ ਵਿਰਕ, ਸਰਗੁਣ ਮਹਿਤਾ, ਨਿਮਰਤ ਖਹਿਰਾ ਮੁੱਖ ਭੂਮਿਕਾ ਨਿਭਾਅ ਰਹੇ ਹਨ।
ਫ਼ਿਲਮ ਨੂੰ ਅਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ ਤੇ ਇਸ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ। ਫ਼ਿਲਮ ਨੂੰ ਨਾਦ ਸਟੂਡੀਓਜ਼, ਡ੍ਰੀਮੀਯਾਤਾ ਪ੍ਰਾਈਵੇਟ ਲਿਮਟਿਡ ਤੇ ਜੇ. ਆਰ. ਪ੍ਰੋਡਕਸ਼ਨ ਹਾਊਸ ਵਲੋਂ ਬਣਾਇਆ ਗਿਆ ਹੈ।
ਫ਼ਿਲਮ ਪ੍ਰਤੀ ਲੋਕਾਂ ਦਾ ਉਤਸ਼ਾਹ ਫ਼ਿਲਮ ਦੇ ਟਰੇਲਰ ਤੇ ਗੀਤਾਂ ਨੂੰ ਮਿਲ ਰਹੇ ਪਿਆਰ ਤੋਂ ਸਾਫ ਦੇਖਿਆ ਜਾ ਰਿਹਾ ਹੈ। ਫੈਮਿਲੀ ਡਰਾਮਾ ਹੋਣ ਕਾਰਨ ਇਸ ਪ੍ਰਤੀ ਪਰਿਵਾਰਾਂ ’ਚ ਵੀ ਖਿੱਚ ਪੈਦਾ ਕਰ ਦਿੱਤੀ ਹੈ ਤੇ ਅਜਿਹੀਆਂ ਫ਼ਿਲਮਾਂ ਨੂੰ ਦੇਖਣ ਦਾ ਦੁੱਗਣਾ ਮਜ਼ਾ ਵੀ ਪਰਿਵਾਰ ਨਾਲ ਬੈਠ ਕੇ ਆਉਂਦਾ ਹੈ।
ਫ਼ਿਲਮ ਦੇ ਟਰੇਲਰ 'ਚ ਸਰਗੁਣ ਮਹਿਤਾ ਐਮੀ ਵਿਰਕ ਦੀ ਪਹਿਲੀ ਘਰਵਾਲੀ ਹੈ, ਜਿਸ ਦੇ ਬੱਚਾ ਨਹੀਂ ਹੋ ਰਿਹਾ। ਇਸ ਦੇ ਚਲਦਿਆਂ ਸਰਗੁਣ ਆਪਣੀ ਭੈਣ ਨਿਮਰਤ ਨਾਲ ਐਮੀ ਵਿਰਕ ਨੂੰ ਦੂਜਾ ਵਿਆਹ ਕਰਵਾਉਣ ਦੀ ਸਲਾਹ ਦਿੰਦੀ ਹੈ। ਹਾਲਾਂਕਿ ਵਿਆਹ ਤੋਂ ਬਾਅਦ ਸਰਗੁਣ ਤੇ ਨਿਮਰਤ ’ਚ ਕਿਵੇਂ ਨੋਕ-ਝੋਕ ਹੁੰਦੀ ਹੈ ਤੇ ਕਹਾਣੀ ਅੱਗੇ ਕੀ ਮੋੜ ਲਵੇਗੀ, ਇਹ ਤਾਂ ਫ਼ਿਲਮ ’ਚ ਹੀ ਦੇਖਣ ਨੂੰ ਮਿਲੇਗਾ।