Amritsar: ਫਰੂਟ ਤੇ ਸਬਜ਼ੀਆਂ ਦੀਆਂ ਦੁਕਾਨਾਂ ’ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ

by nripost

ਅੰਮ੍ਰਿਤਸਰ (ਰਾਘਵ): ਮਜੀਠਾ ਦੇ ਪੁਰਾਣੇ ਬੱਸ ਅੱਡੇ ’ਤੇ ਸਥਿਤ ਫਲ, ਸਬਜ਼ੀਆਂ, ਕੋਲਡ ਡਰਿੰਕ ਅਤੇ ਨਿਊਡਲਜ਼ ਆਦਿ ਦੀਆਂ ਦੁਕਾਨਾਂ ਵਿਚ ਬੀਤੀ ਅੱਧੀ ਰਾਤ ਅੱਗ ਲੱਗਣ ਨਾਲ ਭਾਰੀ ਵਿੱਤੀ ਨੁਕਸਾਨ ਹੋਣ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਦੁਕਾਨਦਾਰ ਰੋਜਾਨਾ ਦੀ ਤਰ੍ਹਾਂ ਆਪਣੀਆਂ ਦੁਕਾਨਾਂ ਬੰਦ ਕਰਕੇ ਆਪਣੇ ਘਰਾਂ ਨੂੰ ਚਲੇ ਗਏ ਤਾਂ ਅੱਧੀ ਰਾਤ ਕਰੀਬ ਇਕ ਵਜੇ ਪੁਰਾਣੇ ਬੱਸ ਅੱਡੇ ’ਤੇ ਸਥਿਤ ਇਕ ਦੁਕਾਨ ਵਿਚ ਲੱਗੀ ਅੱਗ ਵੇਖ ਕੇ ਲਾਗੇ ਇਮਾਰਤ ਵਿਚ ਰਹਿੰਦੇ ਪਰਿਵਾਰ ਵਾਲਿਆਂ ਨੇ ਦੁਕਾਨਦਾਰ ਰਾਹੁਲ ਕੁਮਾਰ, ਨੀਰਜ ਕੁਮਾਰ ਨੂੰ ਫੋਨ ਤੇ ਇਤਲਾਹ ਦਿੱਤੀ। ਰਾਹੁਲ ਕੁਮਾਰ ਤੇ ਨੀਰਜ ਕੁਮਾਰ ਤੁਰੰਤ ਦੁਕਾਨ ’ਤੇ ਆਏ ਤਾਂ ਦੇਖਿਆ ਕਿ ਉਨ੍ਹਾਂ ਦੀ ਦੁਕਾਨ ਵਿਚ ਅੱਗ ਲੱਗੀ ਹੈ ਜਿਸ ਦੇ ਨਾਲ ਲੱਗਦੀਆਂ ਦੁਕਾਨਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਉਨ੍ਹਾਂ ਨੇ ਤੁਰੰਤ ਇਨ੍ਹਾਂ ਦੁਕਾਨਦਾਰਾਂ ਨੂੰ ਫੋਨ ਕਰਕੇ ਬੁਲਾਇਆ ਤਾਂ ਦੇਖਦੇ ਹੀ ਦੇਖਦੇ ਅੱਗ ਨੇ ਇਨ੍ਹਾਂ ਵਿਰਾਟ ਰੂਪ ਧਾਰ ਲਿਆ ਕਿ ਇਸ ਅੱਗ ਦੀ ਲਪੇਟ ਵਿਚ ਚਾਰ ਦੁਕਾਨਾਂ ਆ ਗਈਆਂ।

ਦੁਕਾਨਦਾਰ ਨੀਰਜ਼ ਕੁਮਾਰ ਅਤੇ ਬਿਕਰਮਜੀਤ ਸਿੰਘ ਵਿੱਕੀ ਨੇ ਦੱਸਿਆ ਕਿ ਨੌਜਵਾਨਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਜਿਆਦਾ ਹੋਣ ਕਰਕੇ ਜਲਦੀ ਕਾਬੂ ਨਹੀਂ ਪਾਇਆ ਜਾ ਸਕਿਆ। ਉਕਤ ਨੌਜਵਾਨਾਂ ਵਲੋਂ ਸਥਾਨਕ ਪੁਲਿਸ ਨੂੰ ਫੋਨ ਕੀਤਾ ਤਾਂ ਪੁਲਿਸ ਨੇ ਤੁਰੰਤ ਮੌਕੇ ’ਤੇ ਆ ਕੇ ਸਥਿਤੀ ਸੰਭਾਲੀ ਅਤੇ ਨਗਰ ਕੌਂਸਲ ਮਜੀਠਾ ਦੀਆਂ ਅੱਗ ਬੁਝਾਊ ਗੱਡੀਆਂ ਦੇ ਅਮਲੇ ਨੂੰ ਫੋਨ ਕੀਤਾ ਪਰ ਕਿਸੇ ਨੇ ਵੀ ਫੋਨ ਅਟੈਂਡ ਨਹੀਂ ਕੀਤਾ। ਲਗਾਤਾਰ ਕਈਆਂ ਵਲੋਂ ਅੱਗ ਬੁਝਾਊ ਅਮਲੇ ਨੂੰ ਫੋਨ ਕੀਤਾ ਜਾਂਦਾ ਰਿਹਾ, ਪਰ ਕਿਸੇ ਨੇ ਫੋਨ ਅਟੈਂਡ ਨਹੀਂ ਕੀਤਾ। ਆਖਰਕਾਰ ਇਕ ਘੰਟੇ ਤੋਂ ਬਾਅਦ ਮਜੀਠਾ ਦੇ ਅੱਗ ਬੁਝਾਊ ਅਮਲੇ ਨੂੰ ਉਡੀਕ ਕੇ ਉਕਤ ਨੌਜਵਾਨਾਂ ਨੇ ਅੰਮ੍ਰਿਤਸਰ ਦੇ ਅੱਗ ਬੁਝਾਊ ਅਮਲੇ ਨੂੰ ਫੋਨ ਕੀਤਾ, ਉਹ ਤੁਰੰਤ ਮਜੀਠਾ ਵਿਖੇ ਆ ਗਏ ਜਿਨ੍ਹਾਂ ਨੇ ਲਗਾਤਾਰ ਵੱਧ ਰਹੀ ਅੱਗ ’ਤੇ ਬੜੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਅੱਗ ਨਾਲ ਪ੍ਰਭਾਵਿਤ ਹੋਏ ਦੁਕਾਨਦਾਰਾਂ ਵਿਚ ਰਾਹੁਲ ਕੁਮਾਰ ਨਿਊਡਲਜ਼ ਵਾਲੇ, ਮੁਖਤਾਰ ਸਿੰਘ ਚਾਟੀ ਫਲਾਂ ਵਾਲੇ, ਪਰੇਮ ਕੁਮਾਰ ਸਬਜ਼ੀ ਵਾਲੇ, ਅਸ਼ੋਕ ਕੁਮਾਰ ਡਿਸਪੋਜੇਬਲ ਬਰਤਨਾਂ ਵਾਲੇ ਹਨ। ਇਨ੍ਹਾਂ ਦੁਕਾਨਦਾਰਾਂ ਦੇ ਦੱਸਣ ਅਨੁਸਾਰ ਕਰੀਬ ਲੱਖਾਂ ਰੁਪਏ ਹਰੇਕ ਦਾ ਵਿੱਤੀ ਨੁਕਸਾਨ ਹੋਇਆ। ਇਸ ਦੇ ਨਾਲ ਹੀ ਉਕਤ ਦੁਕਾਨਦਾਰਾਂ ਨੇ ਅੱਗ ਬੁਝਾਊ ਅਮਲੇ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅਗਰ ਮਜੀਠਾ ਦਾ ਅੱਗ ਬੁਝਾਊ ਅਮਲਾ ਮੌਕੇ ’ਤੇ ਆ ਜਾਂਦਾ ਤਾਂ ਇੰਨਾ ਨੁਕਸਾਨ ਨਹੀਂ ਹੋਣਾ ਸੀ। ਉਨ੍ਹਾਂ ਨੇ ਇਨ੍ਹਾਂ ਅੱਗ ਬੁਝਾਊ ਅਮਲੇ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਉਧਰ ਨਗਰ ਕੌਂਸਲ ਮਜੀਠਾ ਦੇ ਕਾਰਜ ਸਾਧਕ ਅਫਸਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨਾਲ ਗੱਲ ਨਹੀਂ ਹੋਈ ਪਰ ਨਗਰ ਕੌਂਸਲ ਦੇ ਸੀਨੀਅਰ ਸਹਾਇਕ ਰਾਜੇਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਗਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਨ੍ਹਾਂ ਅੱਗ ਬੁਝਾਊ ਅਮਲੇ ਦੇ ਕਰਮਚਾਰੀਆਂ ਦੇ ਖਿਲਾਫ ਫੋਨ ਅਟੈਂਡ ਨਾ ਕਰਕੇ ਆਪਣੀ ਡਿਊਟੀ ਵਿਚ ਕੁਤਾਹੀ ਵਰਤਣ ਕਰਕੇ ਇੰਨ੍ਹਾਂ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਉਧਰ ਪੁਲਿਸ ਵੀ ਅੱਗ ਲੱਗਣ ਦੇ ਕਾਰਣਾ ਦਾ ਪਤਾ ਨਹੀਂ ਲਗਾ ਰਹੀਂ ਹੈ। ਪ੍ਰਭਾਵਿਤ ਦੁਕਾਨਦਾਰਾਂ ਨੇ ਸਰਕਾਰ ਪਾਸੋ ਵਿੱਤੀ ਮਦਦ ਦੀ ਮੰਗ ਕੀਤੀ।