ਨਿਊਜ਼ ਡੈਸਕ (ਰਿੰਪੀ ਸ਼ਰਮਾ ): ਭਗੋੜਾ ਹੋਏ ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਦੀ ਦੂਜੀ ਵੀਡੀਓ ਵੀ ਅੱਜ ਸਾਹਮਣੇ ਆਈ ਹੈ। ਜਿਸ 'ਚ ਅੰਮ੍ਰਿਤਪਾਲ ਨੇ ਕਿਹਾ ਕਿ ਪਿਛਲੇ ਦਿਨੀਂ ਵੀ ਮੈ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਪਾਈ ਸੀ, ਜਿਸ ਬਾਰੇ ਕਈ ਲੋਕਾਂ ਨੂੰ ਹਾਲੇ ਵੀ ਸ਼ੱਕ ਹੈ ਕਿ ਇਹ ਵੀਡੀਓ ਪੁਲਿਸ ਦੀ ਹਿਰਾਸਤ 'ਚ ਬਣੀ ਹੈ ਕਿਉਕਿ ਮੈ ਆਲੇ ਦੁਆਲੇ ਦੇਖ ਰਿਹਾ ਹਾਂ…. ਮੈ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਮੇਰੀ ਇਹ ਆਦਤ ਹੈ…. ਜਦੋ ਮੈ ਵੀਡੀਓ ਬਣਾਉਂਦਾ ਹਾਂ ਤਾਂ ਸਾਹਮਣੇ ਨਹੀਂ ਦੇਖਦਾ। ਅੰਮ੍ਰਿਤਪਾਲ ਸਿੰਘ ਨੇ ਕਿਹਾ ਜਿਨ੍ਹਾਂ ਨੂੰ ਲੱਗਦਾ ਕਿ ਮੈ ਭਗੋੜਾ ਹੋ ਗਿਆ, ਉਹ ਇਸ ਗੱਲ ਦਾ ਭੁਲੇਖਾ ਆਪਣੇ ਮਨ 'ਚ ਨਾ ਰੱਖਣਾ ਕਿਉਕਿ ਮੈ ਮਰਨ ਤੋਂ ਡਰਦਾ ਨਹੀਂ ਤੇ ਮੈ ਜਲਦ ਹੀ ਸਾਰੀਆਂ ਦੇ ਸਾਹਮਣੇ ਆਵਾਂਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅੰਮ੍ਰਿਤਪਾਲ ਸਿੰਘ ਨੇ ਇੱਕ ਵੀਡੀਓ ਜਾਰੀ ਕੀਤੀ ਸੀ।
ਜਿਸ ਤੋਂ ਬਾਅਦ ਕਈ ਲੋਕਾਂ ਵਲੋਂ ਕਿਹਾ ਜਾ ਰਿਹਾ ਸੀ ਕਿ ਅੰਮ੍ਰਿਤਪਾਲ ਪੁਲਿਸ ਹਿਰਾਸਤ 'ਚ ਹੈ। ਪਹਿਲੀ ਵੀਡੀਓ ਵਿੱਚ ਅੰਮ੍ਰਿਤਪਾਲ ਸਿੰਘ ਨੇ ਕਿਹਾ ਸੀ ਕਿ ਮੇਰੇ ਕਈ ਸਾਥੀਆਂ ਨੂੰ ਨਾਜਾਇਜ਼ ਹੀ ਗ੍ਰਿਫ਼ਤਾਰ ਕੀਤਾ ਗਿਆ ਪਰ ਵਾਹਿਗੁਰੂ ਜੀ ਦੇ ਮੇਹਰ ਨਾਲ ਮੈ ਸੁਰੱਖਿਅਤ ਹਾਂ। ਦੱਸ ਦਈਏ ਕਿ ਅਜਨਾਲਾ ਘਟਨਾ ਤੋਂ ਬਾਅਦ ਕਈ ਜ਼ਿਲ੍ਹਿਆਂ ਦੀ ਪੁਲਿਸ ਵਲੋਂ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਸੀ। ਇਸ ਦੌਰਾਨ ਪੁਲਿਸ ਨੇ ਉਸ ਦੇ ਕਈ ਸਾਥੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ ।ਜਿਨ੍ਹਾਂ 'ਚੋ 348 ਸਿੱਖ ਨੌਜਵਾਨਾਂ ਨੂੰ ਬੀਤੀ ਦਿਨੀਂ ਰਿਹਾਅ ਕਰ ਦਿੱਤਾ ਗਿਆ । ਪਿਛਲੇ ਕਈ ਦਿਨਾਂ 'ਚ ਅੰਮ੍ਰਿਤਪਾਲ ਦੀਆਂ ਕਈ ਤਸਵੀਰਾਂ ਤੇ ਵੀਡਿਓਜ਼ ਵਾਇਰਲ ਹੋ ਰਹੀਆਂ ਹਨ। ਜਿਸ 'ਚ ਉਸ ਨੇ ਭੇਸ ਬਦਲਿਆ ਦਿਖਾਇਆ ਗਿਆ ਹੈ। ਫਿਲਹਾਲ ਪੁਲਿਸ ਵਲੋਂ ਅੰਮ੍ਰਿਤਪਾਲ ਸੀ ਭਾਲ ਲਈ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।