ਪੱਤਰ ਪ੍ਰੇਰਕ : ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਉਹਨਾਂ ਨੂੰ ਖ਼ੂਨ ਦੀਆਂ ਉਲਟੀਆਂ ਆ ਰਹੀਆਂ ਹਨ। ਇਹ ਦਾਅਵਾ ਅੰਮ੍ਰਿਤਪਾਲ ਸਿੰਘ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਬਰਨਾਲਾ ਵਿਖੇ ਮੀਡੀਆ ਸਾਹਮਣੇ ਕੀਤਾ। ਖਾਲਸਾ ਨੇ ਦਾਅਵਾ ਕੀਤਾ ਕਿ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀ 16 ਫ਼ਰਵਰੀ ਤੋਂ ਭੁੱਖ ਹੜਤਾਲ ਉਪਰ ਹਨ ਅਤੇ ਉਹਨਾਂ ਵਲੋਂ ਸਿਰਫ਼ ਪਾਣੀ ਸਹਾਰੇ ਦਿਨ ਕੱਢੇ ਜਾ ਰਹੇ ਹਨ। ਵਕੀਲ ਦਾ ਕਹਿਣਾ ਹੈ ਕਿ ਜੇਕਰ ਅੰਮ੍ਰਿਤਪਾਲ ਸਿੰਘ ਦੀ ਜਾਨ ਨੂੰ ਕੁੱਝ ਹੁੰਦਾ ਹੈ ਤਾਂ ਉਸ ਲਈ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਜ਼ਿੰਮੇਵਾਰ ਹੋਣਗੇ।
ਗੱਲਬਾਤ ਕਰਦਿਆਂ ਖਾਲਸਾ ਨੇ ਕਿਹਾ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਅੰਮ੍ਰਿਤਪਾਲ ਸਿੰਘ 16 ਫ਼ਰਵਰੀ ਤੋਂ ਭੁੱਖ ਹੜਤਾਲ ਉਪਰ ਹਨ। ਦੋ ਦਿਨ ਪਹਿਲਾਂ ਹੀ ਉਹ ਡਿਬਰੂਗੜ੍ਹ ਜੇਲ੍ਹ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਮਿਲ ਕੇ ਆਏ ਹਨ।
ਬੀਤੇ ਕੱਲ੍ਹ ਉਹਨਾਂ ਦੀ ਪਤਨੀ ਕਿਰਨਦੀਪ ਕੌਰ ਵੀ ਅੰਮ੍ਰਿਤਪਾਲ ਸਿੰਘ ਨੂੰ ਮਿਲ ਕੇ ਆਈ ਹੈ ਅਤੇ ਉਹਨਾਂ ਦੀ ਹਾਜ਼ਰੀ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਖ਼ੂਨ ਦੀ ਉਲਟੀ ਆਈ ਹੈ। ਉਹਨਾਂ ਦੀ ਪਤਨੀ ਦਾ ਕਹਿਣਾ ਹੈ ਕਿ ਅਜਿਹੀ ਹਾਲਤ ਵਿੱਚ ਉਹਨਾਂ ਦੀ ਕਿਸੇ ਵੇਲੇ ਵੀ ਮੌਤ ਹੋ ਸਕਦੀ ਹੈ। ਜਿਸ ਲਈ ਸਿੱਧੇ ਤੌਰ 'ਤੇ ਪੰਜਾਬ ਸਰਕਾਰ ਅਤੇ ਪੰਜਾਬ ਦਾ ਮੁੱਖ ਮੰਤਰੀ ਜ਼ਿੰਮੇਵਾਰ ਹੋਵੇਗਾ।