ਕੈਂਸਰ ਨੂੰ ਮਾਤ ਦੇ ਕੇ ਸਕੂਲ ਪੁੱਜੇ 6 ਸਾਲਾ ਮੁੰਡੇ ਦਾ ਹੋਇਆ ਸ਼ਾਨਦਾਰ ਸਵਾਗਤ, ਵੀਡੀਓ

by

ਵਾਸ਼ਿੰਗਟਨ: ਅਮਰੀਕਾ ਦਾ ਦਿਲ ਨੂੰ ਛੂਹ ਲੈਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੈਂਸਰ ਨਾਲ ਲੜ ਰਿਹਾ 6 ਸਾਲ ਦਾ ਮੁੰਡਾ ਜਦੋਂ ਆਪਣੀ ਆਖਰੀ ਦੌਰ ਦੀ ਕੀਮੋਥੈਰੇਪੀ ਦੇ ਬਾਅਦ ਸਕੂਲ ਪਹੁੰਚਿਆ ਤਾਂ ਉਸ ਦੇ ਸਾਥੀਆਂ ਅਤੇ ਅਧਿਆਪਕਾਂ ਨੇ ਉਸ ਦਾ ਜ਼ੋਰਦਾਰ ਸਵਾਗਤ ਕੀਤਾ। ਸਕੂਲ ਦੇ ਗੇਟ ਤੋਂ ਕਲਾਸ ਤੱਕ ਖੜ੍ਹੇ ਹੋ ਕੇ ਉਹਨਾਂ ਨੇ ਤਾੜੀਆਂ ਵਜਾਈਆਂ ਅਤੇ ਉਸ ਦਾ ਹੌਂਸਲਾ ਵਧਾਇਆ। ਜਾਨ ਓਲੀਵਰ ਜਿੱਪੀ 3 ਸਾਲ ਬਾਅਦ ਸਕੂਲ ਪਰਤਿਆ ਸੀ। ਉਸ ਨੇ ਦੱਸਿਆ ਕਿ ਮੈਂ ਅਜਿਹੇ ਸਵਾਗਤ ਦੀ ਆਸ ਨਹੀਂ ਕੀਤੀ ਸੀ। ਮੈਨੂੰ ਬਹੁਤ ਚੰਗਾ ਲੱਗਾ।

ਸਕੂਲ ਦਾ ਇਹ ਵੀਡੀਓ ਹੁਣ ਵਾਇਰਲ ਹੋ ਰਿਹਾ ਹੈ। ਜਾਨ ਨੂੰ 2016 ਵਿਚ ਐਕਊਟ ਲਿਮਫੋਬਲਾਸਟਿਕ ਲਿਊਕੇਮੀਆ ਹੋਣ ਦੇ ਬਾਰੇ ਵਿਚ ਪਤਾ ਚੱਲਿਆ ਸੀ। ਉਦੋਂ ਉਹ ਸਿਰਫ 3 ਸਾਲ ਦਾ ਸੀ। ਉਸ ਦੇ ਪਿਤਾ ਜਾਨ ਜਿੱਪੀ ਨੇ ਦੱਸਿਆ ਕਿ 27 ਦਸੰਬਰ ਨੂੰ ਉਸ ਦੀ ਆਖਰੀ ਕੀਮੀਓਥੈਰੇਪੀ ਹੋਈ ਸੀ। ਹੁਣ ਉਹ ਸਿਹਤਮੰਦ ਹੈ। ਉਸਨੇ ਸ਼ੁੱਕਰਵਾਰ ਨੂੰ ਫਿਰ ਤੋਂ ਸਕੂਲ ਜਾਣਾ ਸ਼ੁਰੂ ਕੀਤਾ ਹੈ। ਸਕੂਲ ਪਹੁੰਚਦੇ ਹੀ ਆਪਣੇ ਸ਼ਾਨਦਾਰ ਸਵਾਗਤ ਨਾਲ ਜਾਨ ਖੁਸ਼ ਹੋ ਗਿਆ।


ਓਲੀਵਰ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਹਨਾਂ ਲਈ 3 ਸਾਲ ਬਹੁਤ ਮੁਸ਼ਕਲ ਭਰੇ ਸਨ। 2016 ਵਿਚ ਇਕ ਦਿਨ ਜਾਨ ਅਚਾਨਕ ਡਿੱਗ ਪਿਆ ਅਤੇ ਉਸ ਦਾ ਸਿਰ ਬੈੱਡ ਨਾਲ ਜਾ ਵੱਜਿਆ। ਅਸੀਂ ਉਸ ਨੂੰ ਤੁਰੰਤ ਡਾਕਟਰ ਕੋਲ ਲੈ ਗਏ। ਬਹੁਤ ਸਾਰੇ ਟੈਸਟ ਕੀਤੇ ਗਏ। ਇਕ ਦਿਨ ਸ਼ਾਮ ਨੂੰ ਡਾਕਟਰ ਦਾ ਫੋਨ ਆਇਆ ਕਿ ਉਸ ਨੂੰ ਤੁਰੰਤ ਹਸਪਤਾਲ ਵਿਚ ਭਰਤੀ ਕੀਤੇ ਜਾਣ ਦੀ ਲੋੜ ਹੈ। ਉਦੋਂ ਸਾਨੂੰ ਪਤਾ ਚੱਲਿਆ ਕਿ ਉਸ ਨੂੰ ਕੈਂਸਰ ਹੈ। ਇਲਾਜ ਦੌਰਾਨ ਸਾਡੀ ਜ਼ਿੰਦਗੀ ਜਿਵੇਂ ਰੁਕ ਗਈ ਸੀ। ਸਿਰਫ ਇਕ ਹੀ ਚਿੰਤਾ ਰਹਿੰਦੀ ਸੀ ਕਿ ਕਿਵੇਂ ਇਸ ਨੂੰ ਠੀਕ ਕੀਤਾ ਜਾਵੇ।

ਸੈਂਟ ਹੇਲਨ ਕੈਥੋਲਿਕ ਸਕੂਲ ਦੇ ਪ੍ਰਿੰਸੀਪਲ ਪੈਟ੍ਰਿਕ ਗੰਨੋਨ ਨੇ ਦੱਸਿਆ ਕਿ ਇਹ ਸਮਾਂ ਓਲੀਵਰ ਲਈ ਬਹੁਤ ਮੁਸ਼ਕਲ ਸੀ ਪਰ ਜਮਾਤ ਵਿਚ ਉਸ ਦੀ ਵਾਪਸੀ 'ਤੇ ਉਸ ਦੇ ਸਾਥੀ ਬਹੁਤ ਖੁਸ਼ ਹਨ। ਸਕੂਲ ਵੱਲੋਂ ਉਸ ਨੂੰ ਪੂਰੀ ਤਰ੍ਹਾਂ ਸਹਿਯੋਗ ਦਿੱਤਾ ਗਿਆ। ਪਿਤਾ ਨੇ ਵੀ ਕਿਹਾ ਕਿ ਮੈਂ ਪਰਿਵਾਰ, ਦੋਸਤਾਂ, ਸਕੂਲ ਅਤੇ ਹਸਪਤਾਲ ਨੂੰ ਸ਼ੁਕਰੀਆ ਕਹਿਣਾ ਚਾਹਾਂਗਾ ਕਿਉਂਕਿ ਸਾਰਿਆਂ ਨੇ ਮਦਦ ਅਤੇ ਸਹਿਯੋਗ ਦਿੱਤਾ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।