by mediateam
ਓਂਟਾਰੀਓ (ਵਿਕਰਮ ਸਹਿਜਪਾਲ) : ਐਮਾਜ਼ਾਨ ਦੇ ਫ਼ਾਊਂਡਰ ਜੈਫ਼ ਬੇਜੋਸ ਦੀ ਪਤਨੀ ਮੈਕੇਂਜੀ ਦੁਨੀਆਂ ਦੀ ਚੌਥੀ ਸੱਭ ਤੋਂ ਅਮੀਰ ਔਰਤ ਬਣ ਗਈ ਹੈ। ਦਰਅਸਲ ਜੈਫ ਬੇਜੋਸ ਅਤੇ ਮੈਕੇਂਜੀ ਵਿਚਕਾਰ ਤਲਾਕ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ। ਇਸ ਤੋਂ ਬਾਅਦ ਮੈਕੇਂਜੀ ਦੇ ਹਿੱਸੇ 'ਚ Amazon ਦੇ ਸ਼ੇਅਰਜ਼ ਦੀ 4 ਫ਼ੀਸਦੀ ਹਿੱਸੇਦਾਰੀ ਆਈ ਹੈ। ਇਨ੍ਹਾਂ ਸ਼ੇਅਰਜ਼ ਦੀ ਕੀਮਤ 36.5 ਅਰਬ ਡਾਲਰ (ਲਗਭਗ 2.52 ਲੱਖ ਕਰੋੜ ਰੁਪਏ) ਬਣਦੀ ਹੈ। ਇਸ ਦੇ ਨਾਲ ਮੈਕੇਂਜੀ ਦੁਨੀਆਂ ਦੀ ਟਾਪ 4 ਅਮੀਰ ਔਰਤਾਂ 'ਚ ਸ਼ਾਮਲ ਹੋ ਗਈ ਹੈ। ਦੁਨੀਆਂ ਦੀ ਸੱਭ ਤੋਂ ਅਮੀਰ ਤਿੰਨ ਔਰਤਾਂ ਦੀ ਗੱਲ ਕਰੀਏ ਤਾਂ ਲੋਰੀਅਰ ਗਰੁੱਪ ਦੀ ਫਰੈਂਕੋਇਸ ਮੀਅਰਜ਼ 53.7 ਅਰਬ ਡਾਲਰ ਨਾਲ ਸਭ ਤੋਂ ਅੱਗੇ ਹੈ।
ਉਥੇ ਹੀ ਵਾਲਮਾਰਟ ਦੀ ਅਲਾਇਸ ਵਾਲਟਨ ਕੋਲ 44.2 ਅਰਬ ਡਾਲਰ ਅਤੇ ਜੈਕਲੀਨ ਮਾਰਸ (ਮਾਰਸ, ਯੂ.ਐਸ.) ਦੀ ਜਾਇਦਾਦ 37.1 ਅਰਬ ਡਾਲਰ ਹੈ। ਮੈਕੇਂਜ਼ੀ ਨੂੰ 4% ਸ਼ੇਅਰ ਦੇਣ ਤੋਂ ਬਾਅਦ ਜੈਫ ਬੇਜੋਸ ਕੋਲ ਅਮੇਜ਼ੌਨ ਦੇ 12% ਸ਼ੇਅਰ ਰਹਿ ਗਏ ਹਨ। ਹਾਲਾਂਕਿ ਇਸ ਦੇ ਬਾਅਦ ਵੀ ਬੇਜੋਸ 114 ਅਰਬ ਡਾਲਰ ਦੀ ਨੈਟਵਰਥ ਨਾਲ ਦੁਨੀਆਂ ਦੇ ਸੱਭ ਤੋਂ ਅਮੀਰ ਵਿਅਕਤੀ ਬਣੇ ਹੋਏ ਹਨ। ਇਸ ਤਲਾਕ ਦੀ ਪ੍ਰਕਿਰਿਆ 'ਚ ਜੈਫ ਬੇਜੋਸ ਨੂੰ ਪਤਨੀ ਮੈਕੇਂਜੀ ਦੀ ਵੋਟਿੰਗ ਰਾਈਟ ਮਿਲ ਗਈ ਹੈ। ਇਸ ਦਾ ਮਤਲਬ ਕੰਪਨੀ ਦੇ ਕਿਸੇ ਵੀ ਫ਼ੈਸਲੇ 'ਚ ਪਤਨੀ ਮੈਕੇਂਜੀ ਦਾ ਦਖ਼ਲ ਨਹੀਂ ਹੋਵੇਗਾ। ਇਸ ਤੋਂ ਇਲਾਵਾ ਮੈਕੇਂਜੀ ਨੇ ਜੈਫ ਬੇਜੋਸ ਦੇ ਅਖ਼ਬਾਰ 'ਵਾਸ਼ਿੰਗਟਨ ਪੋਸਟ' ਅਤੇ ਸਪੇਸ ਕੰਪਨੀ 'ਬਲੂ ਓਰੀਜਿਨ' ਵਿਚ ਵੀ ਕੋਈ ਹਿੱਸੇਦਾਰੀ ਨਹੀਂ ਮੰਗੀ ਹੈ।
26 ਸਾਲ ਪਹਿਲਾਂ ਮਿਲੇ ਸਨ ਬੇਜੋਸ-ਮੈਕੇਂਜੀ
ਮੈਕੇਂਜ਼ੀ ਇੱਕ ਕਾਮਯਾਬ ਨਾਵਲਕਾਰ ਵੀ ਹਨ। ਉਨ੍ਹਾਂ ਨੇ 'ਦ ਟੈਸਟਿੰਗ ਆਫ਼ ਲੂਥਰ ਅਲਬ੍ਰਾਈਟ', 'ਟ੍ਰੈਪਸ' ਸਮੇਤ ਕਈ ਕਿਤਾਬਾਂ ਲਿਖੀਆਂ ਹਨ। ਸਾਲ 1992 'ਚ ਜੋਬ ਇੰਟਰਵਿਊ ਦੌਰਾਨ ਜੈਫ ਬੇਜੋਸ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ ਹੋਈ ਸੀ। ਉਹ ਹੇਜ਼ ਫੰਡ ਕੰਪਨੀ ਡੀ ਈ ਸ਼ਾਅ 'ਚ ਇੰਟਰਵਿਊ ਲਈ ਗਈ ਸੀ। ਜੈਫ ਨੇ ਹੀ ਉਨ੍ਹਾਂ ਦਾ ਇੰਟਰਵਿਊ ਲਿਆ ਸੀ। ਸਾਲ 1993 'ਚ ਜੈਫ ਅਤੇ ਮੈਕੇਂਜੀ ਦਾ ਵਿਆਹ ਹੋਇਆ ਸੀ। ਉਸ ਸਮੇਂ ਦੋਵੇਂ ਹੇਜ਼ ਫੰਡ ਕੰਪਨੀ ਡੀ ਈ ਸ਼ਾਅ 'ਚ ਕੰਮ ਕਰਦੇ ਸਨ। ਵਿਆਹ ਦੇ ਅਗਲੇ ਸਾਲ 1994 'ਚ ਜੈਫ ਬੇਜੋਸ ਨੇ ਅਮੇਜ਼ੌਨ ਦੀ ਸ਼ੁਰੂਆਤ ਕੀਤੀ। ਅਮੇਜ਼ੌਨ ਦੇ ਪਹਿਲੇ ਕਾਂਟਰੈਕਟ ਲਈ ਮੈਕੇਂਜੀ ਨੇ ਹੀ ਡੀਲ ਕੀਤੀ ਸੀ। ਗੈਰਾਜ ਤੋਂ ਸ਼ੁਰੂ ਹੋਈ ਅਮੇਜ਼ੌਨ ਅੱਜ ਦੁਨੀਆਂ ਦੀ ਟਾਪ-3 ਕੰਪਨੀਆਂ 'ਚ ਸ਼ਾਮਲ ਹੈ। ਦੋਹਾਂ ਦੇ ਚਾਰ ਬੱਚੇ ਹਨ।
ਕਿਉਂ ਹੋਇਆ ਤਲਾਕ
ਜੇਫ਼ ਬੇਜ਼ੋਸ ਅਤੇ ਮੈਕੇਂਜੀ ਦੇ ਤਲਾਕ ਤੋਂ ਬਾਅਦ ਇਕ ਅਮਰੀਕੀ ਮੈਗਜ਼ੀਨ ਨੇ ਪ੍ਰਗਟਾਵਾ ਕੀਤਾ ਕਿ ਦੋਹਾਂ ਦੇ ਤਲਾਕ ਦਾ ਕਾਰਨ 'ਦੀ ਫੌਕਸ ਟੀਵੀ' ਦੀ ਸਾਬਕਾ ਹੋਸਟ ਲੌਰੇਨ ਸਾਂਚੇਜ਼ ਹੈ। ਬੇਜੋਸ ਅਤੇ ਸਾਂਚੇਜ਼ ਰਿਲੇਸ਼ਨਸ਼ਿਪ 'ਚ ਹਨ। ਮੈਗਜ਼ੀਨ ਨੇ ਦੋਹਾਂ ਦੇ ਨਿੱਜੀ ਮੈਸੇਜ ਅਤੇ ਤਸਵੀਰਾਂ ਵੀ ਜਨਤਕ ਕੀਤੀਆਂ ਹਨ। ਬੇਜ਼ੋਸ ਨੇ ਇਸ ਹੈਲਥ ਅਤੇ ਫਿਟਨੈਸ ਮੈਗਜ਼ੀਨ 'ਤੇ ਬਲੈਕਮੇਲਿੰਗ ਦਾ ਇਲਜ਼ਾਨ ਲਗਾਇਆ ਸੀ। ਹਾਲਾਂਕਿ ਪ੍ਰਕਾਸ਼ਕਾਂ ਨੇ ਇਲਜ਼ਾਮਾਂ ਨੂੰ ਨਕਾਰ ਦਿਤਾ ਸੀ।
ਮੈਕੇਂਜੀ Amazon ਦੀ ਤੀਜੀ ਸੱਭ ਤੋਂ ਵੱਡੀ ਸ਼ੇਅਰ ਧਾਰਕ
ਮੈਕੇਂਜੀ ਕੋਲ 4% ਸ਼ੇਅਰ ਅਤੇ ਜੈਫ ਬੇਜੋਸ ਕੋਲ ਅਮੇਜ਼ੌਨ ਦੇ 12% ਸ਼ੇਅਰ ਰਹਿ ਗਏ ਹਨ। ਉਹ ਅਮੇਜ਼ੌਨ ਦੇ ਸੱਭ ਤੋਂ ਵੱਡੇ ਸ਼ੇਅਰਧਾਰਕ ਹਨ। ਦੂਜੇ ਨੰਬਰ 'ਤੇ ਇਨਵੈਸਟਮੈਂਟ ਗਰੁੱਪ ਵੈਨਗਾਰਡ ਹੈ। ਮੈਕੇਂਜੀ ਤੀਜੀ ਸਭ ਤੋਂ ਵੱਡੀ ਸ਼ੇਅਰ ਹੋਲਡਰ ਬਣ ਗਈ ਹੈ।