ਨਿਊਜ਼ ਡੈਸਕ : ਡਾਇਰੈਕਟੋਰੇਟ ਆਫ ਰੈਵੇਨਿਊ ਇਨਫਰਮੇਸ਼ਨ (ਡੀਆਰਆਈ) ਨੇ 19 ਫਰਵਰੀ ਨੂੰ ਜੈਪੁਰ ਹਵਾਈ ਅੱਡੇ ਤੋਂ ਫੜੀ ਗਈ ਇਕ ਵਿਦੇਸ਼ੀ ਔਰਤ ਦੇ ਸਰੀਰ 'ਚੋਂ ਆਪ੍ਰੇਸ਼ਨ ਰਾਹੀਂ ਨਸ਼ੀਲੇ ਪਦਾਰਥਾਂ ਨਾਲ ਭਰੇ 88 ਕੈਪਸੂਲ ਬਰਾਮਦ ਕੀਤੇ ਹਨ। ਡੀਆਰਆਈ ਨੇ ਸਵਾਈ ਮਾਨਸਿੰਘ ਹਸਪਤਾਲ ਦੇ ਡਾਕਟਰਾਂ ਦੀ ਮਦਦ ਨਾਲ ਔਰਤ ਦੇ ਸਰੀਰ ਦਾ ਆਪ੍ਰੇਸ਼ਨ ਕਰਵਾ ਕੇ ਨਸ਼ੇ ਨਾਲ ਭਰੇ ਇਹ ਕੈਪਸੂਲ ਬਾਹਰ ਕੱਢ ਲਏ। ਇਹ ਕਾਰਵਾਈ ਕਰਨ ਤੋਂ ਪਹਿਲਾਂ ਡੀਆਰਆਈ ਦੀ ਟੀਮ ਨੇ ਉਕਤ ਔਰਤ ਨੂੰ ਦੋ ਵਾਰ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਤੇ ਆਪ੍ਰੇਸ਼ਨ ਦੀ ਇਜਾਜ਼ਤ ਵੀ ਲਈ।
ਡਾਕਟਰਾਂ ਨੇ ਜਦੋਂ ਔਰਤ ਦੇ ਸਰੀਰ 'ਚੋਂ 88 ਕੈਪਸੂਲ ਕੱਢ ਕੇ ਲੈਬਾਰੇਟਰੀ 'ਚ ਜਾਂਚ ਕੀਤੀ ਤਾਂ ਸਾਰੇ ਕੈਪਸੂਲਾਂ 'ਚ ਹੈਰੋਇਨ ਭਰੀ ਹੋਈ ਸੀ। ਲੈਬ ਤੋਂ ਪੁਸ਼ਟੀ ਹੋਣ ਤੋਂ ਬਾਅਦ ਜਦੋਂ ਡੀਆਰਆਈ ਟੀਮ ਨੇ ਇਨ੍ਹਾਂ ਦਾ ਵਜ਼ਨ ਕੀਤਾ ਤਾਂ ਇਹ 900 ਗ੍ਰਾਮ ਦੇ ਕਰੀਬ ਸੀ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 6 ਕਰੋੜ ਰੁਪਏ ਦੱਸੀ ਜਾਂਦੀ ਹੈ। ਸ਼ੁਰੂਆਤ 'ਚ ਉਸ ਦੇ ਸਰੀਰ 'ਚੋਂ ਕਰੀਬ 60 ਕੈਪਸੂਲ ਨਿਕਲੇ ਪਰ ਸ਼ੱਕ ਹੋਣ 'ਤੇ ਇਹ ਕਾਰਵਾਈ ਜਾਰੀ ਰਹੀ ਤੇ ਔਰਤ ਦੇ ਸਰੀਰ ਵਿਚੋਂ ਕੁੱਲ 88 ਕੈਪਸੂਲ ਬਰਾਮਦ ਹੋਏ। ਕਰੀਬ 11 ਦਿਨਾਂ ਤੱਕ ਡਾਕਟਰਾਂ ਦੀ ਨਿਗਰਾਨੀ ਤੋਂ ਬਾਅਦ ਮਹਿਲਾ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਤੇ ਗ੍ਰਿਫਤਾਰ ਔਰਤ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।