ਜੰਮੂ-ਕਸ਼ਮੀਰ (ਦੇਵ ਇੰਦਰਜੀਤ) : ਸੋਮਵਾਰ ਨੂੰ ਡੀ. ਸੀ. ਗਾਂਦੇਰਬਲ ਕ੍ਰਿਤਿਕਾ ਜਯੋਤਸਨਾ ਨੇ ਬਾਲਟਾਲ-ਸੋਨਮਰਗ ਦਾ ਦੌਰਾ ਕੀਤਾ ਅਤੇ ਇਸ ਮਾਰਗ ਰਾਹੀਂ ਪਵਿੱਤਰ ਗੁਫਾ ਤੱਕ ਵਿਵਸਥਾਵਾਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ।ਇਸ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਰਣਨੀਤੀ ਬਣਾਉਣ ਲੱਗੇ ਹਨ। ਯਾਤਰਾ ਨੂੰ ਲੈ ਕੇ ਉਪ-ਰਾਜਪਾਲ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਅਧਿਕਾਰਕ ਤੌਰ ’ਤੇ ਹਰੀ ਝੰਡੀ ਦਿਖਾ ਸਕਦੇ ਹਨ। ਹਾਲਾਂਕਿ ਕੁਝ ਦਿਨ ਤੋਂ ਵਧ ਰਹੀਆਂ ਅੱਤਵਾਦੀ ਵਾਰਦਾਤਾਂ ਦਰਮਿਆਨ ਸਾਲਾਨਾ ਅਮਰਨਾਥ ਯਾਤਰਾ ਨੂੰ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣਾ ਸੁਰੱਖਿਆ ਫੋਰਸਾਂ ਲਈ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ ਹੈ।
ਜੰਮੂ ਅਤੇ ਕਸ਼ਮੀਰ ਸਮੇਤ ਪੂਰੇ ਦੇਸ਼ ’ਚ ਕੋਵਿਡ ਇਨਫੈਕਸ਼ਨ ਦੇ ਮਾਮਲਿਆਂ ’ਚ ਲਗਾਤਾਰ ਗਿਰਾਵਟ ਕਾਰਨ ਇਸ ਸਾਲ 28 ਜੂਨ ਤੋਂ ਅਮਰਨਾਥ ਯਾਤਰਾ ਦੇ ਮੁੜ ਸ਼ੁਰੂ ਹੋਣ ਦੀ ਸੰਭਾਵਨਾ ਬਣ ਗਈ ਹੈ। ਅਮਰਨਾਥ ਯਾਤਰਾ ਨੂੰ ਲੈ ਕੇ ਹਾਲੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਯਾਤਰਾ ਦੀ ਤਿਆਰੀ ’ਚ ਜੁਟਿਆ ਹੈ। ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਕਾਰਨ ਪਿਛਲੇ ਸਾਲ 2020 ਨੂੰ ਅਮਰਨਾਥ ਯਾਤਰਾ ਰੱਦ ਕਰ ਦਿੱਤੀ ਗਈ ਸੀ ਅਤੇ ਇਸ ਤੋਂ ਪਹਿਲਾਂ ਸਾਲ 2019 ਵਿਚ ਜੰਮੂ-ਕਸ਼ਮੀਰ ਵਿਚ ਧਾਰਾ-370 ਹਟਾਉਣ ਕਰ ਕੇ ਅਮਰਨਾਥ ਯਾਤਰਾ ਨੂੰ ਵਿਚਾਲੇ ਹੀ ਬੰਦ ਕਰਨਾ ਪਿਆ ਸੀ।
ਅਮਰਨਾਥ ਯਾਤਰਾ 56 ਦਿਨ ਤੱਕ ਚੱਲੇਗੀ, ਜੋ ਕਿ 28 ਜੂਨ ਤੋਂ ਸ਼ੁਰੂ ਹੋ ਕੇ 22 ਅਗਸਤ ਰੱਖੜੀ ਦੇ ਦਿਨ ਖ਼ਤਮ ਹੋਵੇਗੀ। ਬਰਫ਼ ਤੋਂ ਆਪਣੇ ਆਪ ਬਣਨ ਵਾਲਾ ਇਹ ਸ਼ਿਵਲਿੰਗ ਹੀ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਹੈ, ਜਿਸ ਦੇ ਦਰਸ਼ਨ ਲਈ ਹਰ ਸਾਲ ਲੱਖਾਂ ਸ਼ਰਧਾਲੂ ਇੱਥੇ ਆਉਂਦੇ ਹਨ।