4 ਅਗਸਤ, ਨਿਊਜ਼ ਡੈਸਕ (ਸਿਮਰਨ) : ਪੰਜਾਬ ਦੇ ਵਿਚ ਜਿਥੇ ਲੁੱਟਾਂ ਖੋਹਾਂ ਅਤੇ ਧੋਖਾਧੜੀ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ। ਆਮ ਲੋਕਾਂ ਦੇ ਨਾਲ ਨਾਲ ਮੰਤਰੀਆਂ ਦੇ ਮੈਂਬਰ ਵੀ ਹੁਣ ਰਿਸ਼ਵਤਾਂ ਲੈ ਰਹੇ ਹਨ। ਤਾਜ਼ਾ ਮਾਮਲਾ ਚੰਡੀਗੜ੍ਹ ਨਜ਼ਦੀਕ ਜ਼ੀਰਕਪੁਰ ਤੋਂ ਸਾਮਣੇ ਆਇਆ ਹੈ ਜਿਥੇ ਕਿ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਵਪਾਰ ਮੰਡਲ ਦੇ ਸੰਯੁਕਤ ਸਕੱਤਰ ਵਿਕਰਮ ਧਵਨ ਨੇ ਆਪਣੀ ਹੀ ਪਾਰਟੀ ਦੇ ਵਿਧਾਇਕ ਦੇ ਪੀਏ 'ਤੇ ਚੌਕੀ ਇੰਚਾਰਜ ਤੋਂ ਪੈਸੇ ਮੰਗਣ ਦੇ ਦੋਸ਼ ਲਾਏ ਹਨ। ਇਨ੍ਹਾਂ ਦੋਸ਼ਾਂ ਤੋਂ ਬਾਅਦ ਮੁੱਖਮੰਤਰੀ ਵੱਲੋਂ ਜਾਰੀ ਕੀਤੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ 'ਤੇ ਸ਼ਿਕਾਯਿਕ ਵੀ ਕਰ ਦਿੱਤੀ ਗਈ ਹੈ।
ਵਿਕਰਮ ਧਵਨ ਨੇ ਦੋਸ਼ ਲਾਇਆ ਕਿ ਜਦੋਂ ਬਰਮਾ ਸਿੰਘ ਬਲਟਾਣਾ ਚੌਕੀ ਦਾ ਇੰਚਾਰਜ ਸੀ ਤਾਂ ਉਸ ਦਾ ਇੱਕ ਕੇਸ ਥਾਣੇ ਵਿੱਚ ਚੱਲ ਰਿਹਾ ਸੀ। ਇਸ ਦੌਰਾਨ ਬਰਮਾ ਸਿੰਘ ਨੂੰ ਅਚਾਨਕ ਚੌਕੀ ਇੰਚਾਰਜ ਤੋਂ ਹਟਾ ਕੇ ਜ਼ੀਰਕਪੁਰ ਥਾਣੇ ਵਿੱਚ ਤਬਦੀਲ ਕਰ ਦਿੱਤਾ ਗਿਆ। ਵਿਕਰਮ ਧਵਨ ਨੇ ਬਰਮਾ ਸਿੰਘ ਨੂੰ ਆਪਣੇ ਕੇਸ ਦੀ ਜਾਣਕਾਰੀ ਲੈਣ ਲਈ ਫੋਨ ਕੀਤਾ, ਜਿਸ ਵਿਚ ਬਰਮਾ ਸਿੰਘ ਨੇ ਵਿਕਰਮ ਧਵਨ ਨੂੰ ਮਾਮਲੇ ਦੀ ਜਾਣਕਾਰੀ ਦੇਣ ਤੋਂ ਬਾਅਦ ਵਿਧਾਇਕ ਦੇ ਪੀਏ ਨੂੰ ਭੇਜ ਕੇ ਪੈਸੇ ਮੰਗਣ ਲਈ ਕਿਹਾ।
ਵਿਕਰਮ ਧਵਨ ਅਤੇ ਬਰਮਾ ਸਿੰਘ ਵਿਚਾਲੇ ਹੋਈ ਗੱਲਬਾਤ ਦੌਰਾਨ ਵਿਧਾਇਕ ਰੰਧਾਵਾ ਦੇ ਪੀਏ ਨਿਤਿਨ ਲੂਥਰਾ ਨੇ ਇੱਕ ਲੱਖ ਰੁਪਏ ਮੰਗੇ ਅਤੇ ਜਦੋਂ ਪੈਸੇ ਨਹੀਂ ਦਿੱਤੇ ਤਾਂ ਟਰਾਂਸਫਰ ਦੀ ਗੱਲ ਚੱਲ ਰਹੀ ਹੈ। ਇਸ ਗੱਲਬਾਤ ਦੀ ਆਡੀਓ ਰਿਕਾਰਡਿੰਗ ਵਿਕਰਮ ਧਵਨ ਕੋਲ ਮੌਜੂਦ ਹੈ, ਜੋ ਉਸ ਨੇ ਸਬੂਤ ਵਜੋਂ ਆਪਣੀ ਸ਼ਿਕਾਇਤ ਦੇ ਨਾਲ ਭੇਜੀ ਹੈ। ਵਿਕਰਮ ਧਵਨ ਇਹ ਵੀ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਕੋਲ ਇਸ ਇਲਜ਼ਾਮ ਨਾਲ ਸਬੰਧਤ ਹੋਰ ਸਬੂਤ ਵੀ ਹਨ ਜੋ ਉਹ ਸਮਾਂ ਆਉਣ 'ਤੇ ਦਿਖਾ ਦੇਣਗੇ।
ਓਧਰ ਵਿਧਾਇਕ ਕੁਲਜੀਤ ਰੰਧਾਵਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੀ.ਏ 'ਤੇ ਲੱਗੇ ਦੋਸ਼ ਗਲਤ ਹਨ। ਉਨ੍ਹਾਂ ਕਿਹਾ ਕਿ ''ਵਿਕਰਮ ਧਵਨ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ। ਉਹ ਪਹਿਲਾਂ ਵੀ ਅਜਿਹੀਆਂ ਬੇਬੁਨਿਆਦ ਸ਼ਿਕਾਇਤਾਂ ਮੁੱਖ ਮੰਤਰੀ ਵਿੰਡੋ 'ਤੇ ਪਾਉਂਦਾ ਰਹਿੰਦਾ ਹੈ। ਉਹ ਸਾਡੀ ਪਾਰਟੀ ਦਾ ਵਰਕਰ ਹੈ ਪਰ ਉਹ ਅਜਿਹੀਆਂ ਗੱਲਾਂ ਕਰਦਾ ਰਹਿੰਦਾ ਹੈ। ਜਿੱਥੋਂ ਤੱਕ ਇਲਜ਼ਾਮ ਦਾ ਸਬੰਧ ਹੈ, ਇਹ ਸਰਾਸਰ ਝੂਠ ਹੈ, ਬਰਮਾ ਸਿੰਘ ਤੋਂ ਕਿਸੇ ਨੇ ਪੈਸੇ ਨਹੀਂ ਮੰਗੇ।''