ਪੁਲਿਸ ਦੀ ਦੇਖਰੇਖ ‘ਚ ਹੋਵੇਗੀਆਕਸੀਜਨ ਸਿਲੰਡਰ ਲਿਜਾਣ ਵਾਲੇ ਸਮੂਹ ਵਾਹਨਾਂ ਦੀ ਅਵਜਾਹੀ

by vikramsehajpal

ਜਲੰਧਰ (ਦੇਵ ਇੰਦਰਜੀਤ )- ਹੁਣ ਤੋਂ ਆਕਸੀਜਨ ਸਿਲੰਡਰ ਲੈ ਕੇ ਜਾਣ ਵਾਲੇ ਸਮੂਹ ਵਾਹਨਾਂ ਨਾਲ ਪੁਲਿਸ ਕਰਮਚਾਰੀ ਹੋਣਗੇ ਤਾਂ ਜੋ ਇਹ ਸਿੱਧਾ ਹਸਪਤਾਲਾਂ ਵਿਚ ਪਹੁੰਚ ਸਕੇ। ਇਹ ਹਦਾਇਤ ਜਲੰਧਰ ਦੇ ਡਿਪਟੀ ਕਮਿਸ਼ਨਰ ਘਨਿਸ਼ਆਮ ਥੋਰੀ ਨੇ ਆਕਸੀਜਨ ਗੈਸ ਦੀ ਕਾਲਾਬਾਜ਼ਾਰੀ ਤੇ ਜਮ੍ਹਾਕੋਰੀ ਨੂੰ ਰੋਕਣ ਲਈ ਕੀਤੀ।

ਕੋਵਿਡ ਕੇਅਰ ਸੈਂਟਰਾਂ ਵਿਚ ਆਕਸੀਜਨ ਗੈਸ ਦੀ ਵਧ ਰਹੀ ਮੰਗ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਅਤੇ ਐਸ.ਐਸ.ਪੀ. ਡਾ. ਸੰਦੀਪ ਗਰਗ ਵੱਲੋਂ ਅੱਜ ਸਾਂਝੇ ਤੌਰ 'ਤੇ ਇਸ ਜੀਵਨ ਰੱਖਿਅਕ ਗੈਸ ਦੇ ਉਤਪਾਦਨ ਅਤੇ ਸਪਲਾਈ ਦਾ ਨਿਰੀਖਣ ਕਰਨ ਲਈ ਜ਼ਿਲ੍ਹੇ ਵਿਚ ਸਥਿਤ ਆਕਸੀਜਨ ਉਤਪਾਦਨ ਪਲਾਂਟਾਂ ਦਾ ਦੌਰਾ ਕੀਤਾ ਗਿਆ। ਇਨ੍ਹਾਂ ਪਲਾਂਟਾਂ ਦਾ ਨਿਰੀਖਣ ਕਰਦਿਆਂ ਡਿਪਟੀ ਕਮਿਸ਼ਨਰ ਥੋਰੀ ਨੇ ਹਦਾਇਤ ਕੀਤੀ ਕਿ ਇਨ੍ਹਾਂ ਪਲਾਂਟਾਂ 'ਤੇ ਪੁਲਿਸ ਫੋਰਸ ਤਾਇਨਾਤ ਕੀਤੀ ਜਾਵੇ ਅਤੇ ਹੁਣ ਤੋਂ ਆਕਸੀਜਨ ਸਿਲੰਡਰ ਲੈ ਕੇ ਜਾਣ ਵਾਲੇ ਸਮੂਹ ਵਾਹਨਾਂ ਨਾਲ ਪੁਲਿਸ ਕਰਮਚਾਰੀ ਹੋਣਗੇ ਤਾਂ ਜੋ ਇਹ ਜੀਵਨ-ਰੱਖਿਅਕ ਗੈਸ ਸਿੱਧਾ ਹਸਪਤਾਲਾਂ ਵਿਚ ਪਹੁੰਚ ਸਕੇ। ਉਨ੍ਹਾਂ ਦੁਹਰਾਇਆ ਕਿ ਆਕਸੀਜਨ ਗੈਸ ਦੀ ਕਾਲਾਬਾਜ਼ਾਰੀ ਅਤੇ ਜਮ੍ਹਾਖੋਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੇ ਕਾਰਜ ਵਿਚ ਸ਼ਾਮਲ ਪਾਏ ਗਏ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਮ੍ਹਾਖੋਰੀ ਅਤੇ ਦੁਰਵਰਤੋਂ ਨੂੰ ਰੋਕਣ ਲਈ ਆਕਸੀਜਨ ਉਤਪਾਦਨ, ਭਰਾਈ ਅਤੇ ਸਪਲਾਈ ਦੀ ਪ੍ਰਕਿਰਿਆ ਪੁਲਿਸ ਅਤੇ ਸਿਵਲ ਅਧਿਕਾਰੀਆਂ ਦੀ ਨਿਗਰਾਨੀ ਵਿਚ ਹੋਵੇਗੀ। ਉਨ੍ਹਾਂ ਕਿਹਾ ਕਿ ਜਿੱਥੇ ਵੀ ਆਕਸੀਜਨ ਗੈਸ ਦੀ ਦੁਰਵਰਤੋਂ, ਕਾਲਾਬਾਜ਼ਾਰੀ ਅਤੇ ਜਮ੍ਹਾਖੋਰੀ ਪਾਈ ਗਈ, ਉਸ ਖਿਲਾਫ਼ ਜ਼ੀਰੋ-ਟੌਲਰੈਂਸ ਨੀਤੀ ਅਪਣਾਈ ਜਾਵੇਗੀ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸਮੂਹ ਨੋਡਲ ਅਫ਼ਸਰਾਂ ਨੂੰ ਜ਼ਿਲ੍ਹੇ ਵਿੱਚ ਆਕਸੀਜਨ ਗੈਸ ਦੀ ਮੰਗ, ਉਤਪਾਦਨ ਅਤੇ ਸਪਲਾਈ ਬਾਰੇ ਰੋਜ਼ਾਨਾ ਰਿਪੋਰਟ ਬਣਾਉਣ ਦੀ ਹਦਾਇਤ ਕੀਤੀ ਤਾਂ ਜੋ ਸਪਲਾਈ ਚੇਨ ਵਿੱਚ ਜੇਕਰ ਕੋਈ ਤਰੁੱਟੀ ਹੋਵੇ ਤਾਂ ਦੂਰ ਕੀਤੀ ਜਾ ਸਕੇ।

ਉਨ੍ਹਾਂ ਇਨ੍ਹਾਂ ਆਕਸੀਜਨ ਪਲਾਂਟਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਨੂੰ ਹਸਪਤਾਲਾਂ ਨੂੰ ਪਹਿਲ ਦੇ ਅਧਾਰ 'ਤੇ ਲੋੜੀਂਦੀ ਆਕਸੀਜਨ ਸਪਲਾਈ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦੇਣ ਤੋਂ ਇਲਾਵਾ ਪਲਾਂਟਾਂ ਦੀਆਂ ਸਰਗਰਮੀਆਂ ਦਾ ਜਾਇਜ਼ਾ ਵੀ ਲਿਆ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਨੂੰ ਹਰਿਆਣੇ ਰਾਜ ਤੋਂ ਤਰਲ ਆਕਸੀਜਨ ਦੀ ਸਪਲਾਈ ਪ੍ਰਾਪਤ ਨਹੀਂ ਹੋਈ ਹੈ, ਜਿਸ ਕਰਕੇ ਕੋਵਿਡ -19 ਦੇ ਮਰੀਜ਼ਾਂ ਦੇ ਇਲਾਜ ਲਈ ਹਸਪਤਾਲਾਂ ਨੂੰ ਲੋੜੀਂਦੀ ਆਕਸੀਜਨ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਅਜਿਹੇ ਉਪਾਅ ਕੀਤੇ ਜਾ ਰਹੇ ਹਨ।