ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਮੁਲਕ ਦੀ ਬਿਹਤਰੀ ਲਈ ਕੈਨੇਡਾ ਦੇ ਸੂਬਾਈ ਆਗੂਆਂ ਨੇ ਇਕਜੁਟ ਹੋ ਕੇ ਕਰਨ ਦਾ ਅਹਿਦ ਕਰਦਿਆਂ ਅੰਦਰੂਨੀ ਕਾਰੋਬਾਰ ਦੇ ਰਾਹ ਵਿਚ ਆਉਂਦਿਆਂ ਅੜਿੱਕਿਆਂ ਨੂੰ ਖ਼ਤਮ ਕਰਨ 'ਤੇ ਸਹਿਮਤੀ ਜ਼ਾਹਰ ਕੀਤੀ ਹੈ। 13 ਰਾਜਾਂ ਅਤੇ ਖਿਤਿਆਂ ਦੇ ਮੁੱਖ ਮੰਤਰੀ ਦੋ ਦਿਨਾ ਕੌਮੀ ਸੰਮੇਲਨ ਦੌਰਾਨ ਸਸਕੈਚੇਵਨ ਦੀ ਰਾਜਧਾਨੀ ਸਾਸਕਾਟੂਨ ਵਿਖੇ ਇਕੱਠੇ ਹੋਏ ਸਨ।
ਸੰਮੇਲਨ ਦੀ ਸਮਾਪਤੀ ਮੌਕੇ ਕੀਤੀ ਗਈ ਸਾਂਝੀ ਪ੍ਰੈਸ ਕਾਨਫ਼ਰੰਸ ਦੌਰਾਨ ਅੰਦਰੂਨੀ ਵਪਾਰ ਦੇ ਰਾਹ ਵਿਚ ਆਉਣ ਵਾਲੇ ਅੜਿੱਕੇ ਖ਼ਤਮ ਕਰਨ ਦੀ ਸਹਿਮਤੀ ਤਾਂ ਦਿਤੀ ਗਈ ਪਰ ਕੋਈ ਠੋਸ ਯੋਜਨਾ ਪੇਸ਼ ਕੀਤੇ ਬਗ਼ੈਰ ਹੀ ਸਾਰੇ ਪ੍ਰੀਮੀਅਰ ਆਪੋ-ਆਪਣੇ ਰਾਜਾਂ ਨੂੰ ਰਵਾਨਾ ਹੋ ਗਏ। ਸਸਕੈਚੇਵਨ ਦੇ ਪ੍ਰੀਮੀਅਰ ਸਕੌਟ ਮੋਅ ਨੇ ਕਿਹਾ ਕਿ ਕਾਰੋਬਾਰ ਦੇ ਰਾਹ ਵਿਚ ਆਉਣ ਵਾਲੀਆਂ ਦਿੱਕਤਾਂ ਖ਼ਤਮ ਕਰਨ ਪ੍ਰਤੀ ਰਜ਼ਾਮੰਦੀ ਤੋਂ ਉਹ ਬੇਹੱਦ ਉਤਸ਼ਾਹਤ ਹਨ।
ਦੱਸ ਦੇਈਏ ਕਿ ਕੈਨੇਡਾ ਦੇ ਇਕ ਸੂਬੇ ਤੋਂ ਦੂਜੇ ਸੂਬੇ ਤੱਕ ਕਾਰੋਬਾਰ ਵਿਚ ਅੜਿੱਕਿਆਂ ਕਾਰਨ ਹਰ ਸਾਲ 130 ਅਰਬ ਡਾਲਰ ਦਾ ਨੁਕਸਾਨ ਹੋ ਰਿਹਾ ਹੈ।