by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਹਿਮਦਾਬਾਦ ਸੀਰੀਅਲ ਬੰਬ ਧਮਾਕੇ ਮਾਮਲੇ 'ਚ ਗੁਜਰਾਤ ਦੀ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। 2008 ਦੇ ਅਹਿਮਦਾਬਾਦ ਬੰਬ ਧਮਾਕੇ ਦੇ 49 ਵਿੱਚੋਂ 38 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਅਤੇ 11 ਹੋਰ ਦੋਸ਼ੀਆਂ ਨੂੰ ਮੌਤ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ। ਅਦਾਲਤ ਪਹਿਲਾਂ ਹੀ ਇਨ੍ਹਾਂ ਲੋਕਾਂ ਨੂੰ ਦੋਸ਼ੀ ਕਰਾਰ ਦੇ ਚੁੱਕੀ ਸੀ। 26 ਜੁਲਾਈ 2008 ਨੂੰ ਅਹਿਮਦਾਬਾਦ ਵਿੱਚ ਹੋਏ 21 ਲੜੀਵਾਰ ਧਮਾਕਿਆਂ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਨ੍ਹਾਂ ਧਮਾਕਿਆਂ ਦੀ ਗੂੰਜ ਨਾਲ ਹਰ ਕੋਈ ਦੰਗ ਰਹੀ ਗਿਆ ਸੀ।
ਦੱਸ ਦਈਏ ਕਿ 70 ਮਿੰਟਾਂ 'ਚ ਹੋਏ ਇਨ੍ਹਾਂ ਧਮਾਕਿਆਂ 'ਚ 56 ਲੋਕਾਂ ਦੀ ਮੌਤ ਹੋ ਗਈ ਅਤੇ 200 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਇਨ੍ਹਾਂ ਧਮਾਕਿਆਂ ਤੋਂ ਬਾਅਦ ਹੀ ਅੱਤਵਾਦੀਆਂ ਦੇ ਨਵੇਂ ਸੰਗਠਨ ਇੰਡੀਅਨ ਮੁਜਾਹਿਦੀਨ ਦੀ ਪਛਾਣ ਹੋਈ ਸੀ। ਇਹ ਸਾਰੇ ਧਮਾਕੇ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਹੋਏ। ਇਸ ਲਈ ਜਾਨ-ਮਾਲ ਦਾ ਨੁਕਸਾਨ ਵੀ ਕਾਫੀ ਹੋਇਆ।