ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਮੁੜ ਸ਼ੁਰੂ ਹੋਇਆ ਲਾਡੋਵਾਲ ਟੌਲ ਪਲਾਜ਼ਾ !

by vikramsehajpal

ਲੁਧਿਆਣਾ (ਸਾਹਿਬ) - ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਲੁਧਿਆਣਾ ਪੁਲੀਸ ਨੇ ਟੌਲ ਪਲਾਜ਼ਾ ਮੁੜ ਤੋਂ ਖੁੱਲ੍ਹਵਾਉਣ ਲਈ ਕਰੀਬ 300 ਪੁਲੀਸ ਮੁਲਾਜ਼ਮ ਤੇ ਅਧਿਕਾਰੀ ਮੌਕੇ ’ਤੇ ਮੌਜੂਦ ਸਨ। ਜਦੋਂ ਕਿਸਾਨ ਆਗੂ ਦਿਨ ਚੜ੍ਹਨ ’ਤੇ ਟੌਲ ਪਲਾਜ਼ਾ ’ਤੇ ਪੁੱਜੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਕਰੀਬ ਪੰਜ ਤੋਂ ਛੇ ਘੰਟੇ ਬਾਅਦ ਹਿਰਾਸਤ ’ਚ ਲਏ ਕਿਸਾਨ ਆਗੂਆਂ ਨੂੰ ਰਿਹਾਅ ਕਰ ਦਿੱਤਾ ਗਿਆ। ਜਿਨ੍ਹਾਂ ਕਿਸਾਨਾਂ ਆਗੂਆਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲਿਆ ਸੀ, ਉਨ੍ਹਾਂ ’ਚ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਵੀ ਸ਼ਾਮਲ ਸਨ। ਹੁਣ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਜਲਦੀ ਹੀ ਇੱਕ ਮੀਟਿੰਗ ਕਰਨਗੇ ਅਤੇ ਉਸ ਤੋਂ ਬਾਅਦ ਉਹ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲ ਰੁਖ਼ ਕਰ ਸਕਦੇ ਹਨ।

ਲਾਡੋਵਾਲ ਟੌਲ ਪਲਾਜ਼ਾ ’ਤੇ ਪਿਛਲੇ ਇੱਕ ਸਾਲ ’ਚ ਲਗਾਤਾਰ ਤੀਜੀ ਵਾਰ ਦਰਾਂ ਵਿੱਚ ਵਾਧਾ ਕੀਤਾ ਗਿਆ ਸੀ। ਇਸ ਦੇ ਵਿਰੋਧ ਵਿੱਚ ਕਿਸਾਨਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਅਤੇ ਟੌਲ ਮੁਫ਼ਤ ਕਰਵਾ ਦਿੱਤਾ ਸੀ। ਕਰੀਬ 46 ਦਿਨ ਤੱਕ ਉਕਤ ਟੌਲ ਪਲਾਜ਼ਾ ਲੋਕਾਂ ਲਈ ਮੁਫ਼ਤ ਰਿਹਾ। ਉਪਰੰਤ ਟੌਲ ਕੰਪਨੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਖ਼ ਕੀਤਾ ਸੀ। ਹਾਈ ਕੋਰਟ ਨੇ ਲੁਧਿਆਣਾ ਪੁਲੀਸ ਨੂੰ ਹੁਕਮ ਜਾਰੀ ਕੀਤੇ ਸਨ ਕਿ ਟੌਲ ਪਲਾਜ਼ਾ ਮੁੜ ਸ਼ੁਰੂ ਕਰਵਾਇਆ ਜਾਵੇ। ਹਾਲਾਂਕਿ, ਕਿਸਾਨ ਲਗਾਤਾਰ ਅੜੇ ਹੋਏ ਸਨ ਕਿ ਕਿਸੇ ਵੀ ਹਾਲਤ ਵਿੱਚ ਉਹ ਟੌਲ ਸ਼ੁਰੂ ਨਹੀਂ ਹੋਣ ਦੇਣਗੇ। ਅੱਜ ਸਵੇਰੇ ਜਦੋਂ ਤੱਕ ਕਿਸਾਨ ਟੌਲ ’ਤੇ ਪੁੱਜੇ, ਉਸ ਤੋਂ ਪਹਿਲਾਂ ਹੀ ਸਵੇਰੇ 5 ਵਜੇ ਪੁਲੀਸ ਨੇ ਟੌਲ ਚਾਲੂ ਕਰਵਾ ਦਿੱਤਾ ਸੀ।

ਪ੍ਰਧਾਨ ਦਿਲਬਾਗ ਸਿੰਘ ਦੇ ਸਾਥੀਆਂ ਸਮੇਤ ਟੌਲ ਪਲਾਜ਼ਾ ਨੇੜੇ ਪੈਟਰੋਲ ਪੰਪ ’ਤੇ ਪੁੱਜਦੇ ਹੀ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਪੰਜ-ਛੇ ਘੰਟੇ ਬਾਅਦ ਛੱਡਿਆ। ਦੱਸ ਦਈਏ ਕਿ ਦਿਲਬਾਗ ਸਿੰਘ ਨੇ ਕਿਹਾ ਕਿ ਹੁਣ ਕਿਸਾਨ ਜੱਥੇਬੰਦੀਆਂ ਦੀ ਇੱਕ ਮੀਟਿੰਗ ਸੱਦੀ ਜਾਵੇਗੀ, ਜਿਸ ਵਿੱਚ ਅਗਲਾ ਫੈਸਲਾ ਲੈ ਕੇ ਹਾਈ ਕੋਰਟ ਦਾ ਬੂਹਾ ਖੜਕਾਇਆ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਤੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਵੀ ਮੀਟਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੰਘਰਸ਼ ਹੁਣ ਕਾਨੂੰਨੀ ਤਰੀਕੇ ਨਾਲ ਲੜਿਆ ਜਾਵੇਗਾ।