ਮਥੁਰਾ (ਰਾਘਵ) : ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲੇ 'ਚ ਖੇਤ 'ਚ ਕੀਟਨਾਸ਼ਕ ਦਾ ਛਿੜਕਾਅ ਕਰਨ ਤੋਂ ਬਾਅਦ ਘਰ ਪਹੁੰਚ ਕੇ ਬਿਨਾਂ ਹੱਥ ਧੋਤੇ ਖਾਣਾ ਖਾਣ ਨਾਲ ਕਥਿਤ ਤੌਰ 'ਤੇ ਇਕ ਨੌਜਵਾਨ ਦੀ ਮੌਤ ਹੋ ਗਈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਥਾਣਾ ਇੰਚਾਰਜ ਇੰਸਪੈਕਟਰ (ਐੱਸ.ਐੱਚ.ਓ.) ਰੰਜਨਾ ਸਚਾਨ ਨੇ ਦੱਸਿਆ ਕਿ ਮਹਾਵਨ ਸ਼ਹਿਰ ਦਾ ਰਹਿਣ ਵਾਲਾ ਕਨ੍ਹਈਆ (27) ਸ਼ਨੀਵਾਰ ਨੂੰ ਖੇਤਾਂ 'ਚ ਕੀਟਨਾਸ਼ਕ ਦਾ ਛਿੜਕਾਅ ਕਰਨ ਤੋਂ ਬਾਅਦ ਘਰ ਪਹੁੰਚਦੇ ਹੀ ਖਾਣਾ ਖਾਣ ਬੈਠ ਗਿਆ ਅਤੇ ਬਿਨਾਂ ਹੱਥ ਧੋਤੇ ਖਾਣਾ ਸ਼ੁਰੂ ਕਰ ਦਿੱਤਾ। ਉਸ ਨੇ ਦੱਸਿਆ ਕਿ ਖਾਣਾ ਖਾਣ ਤੋਂ ਬਾਅਦ ਉਸ ਨੂੰ ਨੀਂਦ ਆਉਣ ਲੱਗੀ ਅਤੇ ਇਸ ਤੋਂ ਪਹਿਲਾਂ ਕਿ ਪਰਿਵਾਰਕ ਮੈਂਬਰ ਕੁਝ ਸਮਝਦੇ, ਉਸ ਦੀ ਹਾਲਤ ਵਿਗੜਨ ਲੱਗੀ। ਅਧਿਕਾਰੀ ਨੇ ਦੱਸਿਆ ਕਿ ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਵੱਲੋਂ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
by nripost