ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਵਿਖੇ ਨੂਰਵਾਲਾ ਰੋਡ ਸਥਿਤ ਇਕ ਬੇਆਬਾਦ ਪਲਾਟ ’ਚੋਂ ਜਨਾਨੀ ਦੀ ਲਾਸ਼ ਪਈ ਮਿਲੀ। ਜਨਾਨੀ ਦਾ ਕਤਲ ਕਰਨ ਤੋਂ ਬਾਅਦ ਉਥੇ ਲਾਸ਼ ਸੁੱਟੀ ਗਈ ਹੈ। ਮ੍ਰਿਤਕ ਦੀ ਪਛਾਣ ਗੁੱਡੀ (40) ਵਜੋਂ ਹੋਈ ਹੈ, ਜੋ ਕਿ ਇਕ ਹਫਤੇ ਤੋਂ ਲਾਪਤਾ ਸੀ।
ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਧੀ ਪਾਇਲ ਨੇ ਦੱਸਿਆ ਕਿ ਉਸ ਦੀ ਮਾਂ ਗੁੱਡੀ ਪਲਾਟ ਦੇ ਬਿਲਕੁਲ ਨੇੜੇ ਹੀ ਫੈਕਟਰੀ 'ਚ ਕੰਮ ਕਰਦੀ ਸੀ ਅਤੇ ਉਥੇ ਹੀ ਰਹਿੰਦੀ ਸੀ। ਉਹ ਪੰਜ ਭਰਾ-ਭੈਣ ਹਨ। ਉਸ ਦੇ ਪਿਤਾ ਆਗਰਾ 'ਚ ਰਹਿੰਦੇ ਹਨ। ਪਾਇਲ ਦਾ ਕਹਿਣਾ ਹੈ ਕਿ ਉਹ ਖੁਦ ਵਿਆਹੀ ਹੈ, ਜਦਕਿ ਉਸ ਦੇ ਬਾਕੀ ਭੈਣ-ਭਰਾ ਮਾਂ ਦੇ ਨਾਲ ਹੀ ਰਹਿੰਦੇ ਹਨ। ਉਸ ਦੀ ਮਾਂ ਗੁੱਡੀ ਸਬਜ਼ੀ ਲੈਣ ਲਈ ਨਿਕਲੀ ਸੀ ਪਰ ਵਾਪਸ ਨਹੀਂ ਆਈ।
ਪੁਲਿਸ ਨੂੰ ਗੁੰਮਸ਼ੁਦਗੀ ਦੀ ਰਿਪੋਰਟ ਵੀ ਲਿਖਵਾਈ ਗਈ ਸੀ ਪਰ ਉਨ੍ਹਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ। ਇਕ ਵਿਅਕਤੀ ਫੈਕਟਰੀ ਦੇ ਸਾਹਮਣੇ ਬਣੇ ਪਲਾਟ'ਚ ਬਾਥਰੂਮ ਲਈ ਗਿਆ ਸੀ, ਜਿੱਥੇ ਉਸ ਨੇ ਦੇਖਿਆ ਕਿ ਕੁਝ ਕੁੱਤੇ ਇਕ ਲਾਸ਼ ਨੂੰ ਨੋਚ ਰਹੇ ਹਨ, ਜਦਕਿ ਔਰਤ ਦੇ ਸਿਰ ਦੇ ਵਾਲ ਕੁਝ ਹੀ ਦੂਰੀ ’ਤੇ ਪਏ ਸਨ।
ਔਰਤ ਦੀ ਲਾਸ਼ ਬੁਰੀ ਤਰ੍ਹਾਂ ਖਰਾਬ ਹੋ ਚੁੱਕੀ ਸੀ। ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਜਿਵੇਂ ਔਰਤ ’ਤੇ ਕਿਸੇ ਤਰ੍ਹਾਂ ਦਾ ਕੈਮੀਕਲ ਪਾ ਕੇ ਉਸ ਨੂੰ ਸਾੜਿਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।