ਪੱਤਰ ਪ੍ਰੇਰਕ : ਸਾਊਦੀ ਅਰਬ ਹੁਣ ਹੌਲੀ-ਹੌਲੀ ਅੰਤਰਰਾਸ਼ਟਰੀ ਖੇਡਾਂ ਵਿੱਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 'ਚ ਵੱਡੀ ਹਿੱਸੇਦਾਰੀ ਨਿਵੇਸ਼ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਨਿੱਜੀ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਦੁਨੀਆ ਦੀ ਸਭ ਤੋਂ ਅਮੀਰ ਕ੍ਰਿਕਟ ਲੀਗ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 'ਚ 30 ਅਰਬ ਡਾਲਰ ਦੀ ਹਿੱਸੇਦਾਰੀ ਖਰੀਦਣ 'ਚ ਦਿਲਚਸਪੀ ਦਿਖਾਈ ਹੈ। ਸਾਊਦੀ ਅਰਬ ਪਹਿਲਾਂ ਹੀ ਫੁੱਟਬਾਲ ਅਤੇ ਗੋਲਫ ਵਿੱਚ ਅਰਬਾਂ ਦਾ ਨਿਵੇਸ਼ ਕਰ ਚੁੱਕਾ ਹੈ। ਨੇਮਾਰ ਅਤੇ ਰੋਨਾਲਡੋ ਵਰਗੇ ਕਈ ਵੱਡੇ ਨਾਮ ਕਰੋੜਾਂ ਦੀ ਫੀਸ 'ਤੇ ਸਥਾਨਕ ਕਲੱਬਾਂ ਲਈ ਖੇਡ ਰਹੇ ਹਨ।
ਰਿਪੋਰਟ ਮੁਤਾਬਕ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਸਲਾਹਕਾਰਾਂ ਨੇ ਭਾਰਤ ਸਰਕਾਰ ਦੇ ਅਧਿਕਾਰੀਆਂ ਨੂੰ ਉਸ ਦੀ ਨਿਵੇਸ਼ ਯੋਜਨਾ ਬਾਰੇ ਜਾਣਕਾਰੀ ਦਿੱਤੀ ਹੈ। ਯੋਜਨਾ ਇਹ ਹੈ ਕਿ ਆਈ.ਪੀ.ਐੱਲ ਨੂੰ ਇਕ ਕੰਪਨੀ ਦੇ ਤੌਰ 'ਤੇ ਟਰਾਂਸਫਰ ਕੀਤਾ ਜਾਵੇਗਾ। ਇਸ ਦੀ ਕੀਮਤ ਲਗਭਗ 30 ਬਿਲੀਅਨ ਡਾਲਰ ਹੋਵੇਗੀ। ਇਸ ਤੋਂ ਬਾਅਦ ਸਾਊਦੀ ਅਰਬ ਇਸ 'ਚ ਵੱਡੀ ਹਿੱਸੇਦਾਰੀ ਖਰੀਦਣਾ ਚਾਹੁੰਦਾ ਹੈ। ਸਾਊਦੀ ਅਰਬ ਨੇ 5 ਬਿਲੀਅਨ ਡਾਲਰ ਨਾਲ ਮਹੱਤਵਪੂਰਨ ਹਿੱਸੇਦਾਰੀ ਖਰੀਦਣ ਦੀ ਇੱਛਾ ਜ਼ਾਹਰ ਕੀਤੀ ਹੈ। ਸੂਤਰਾਂ ਮੁਤਾਬਕ ਇਹ ਚਰਚਾ ਉਸ ਸਮੇਂ ਹੋਈ ਜਦੋਂ ਕ੍ਰਾਊਨ ਪ੍ਰਿੰਸ ਸਤੰਬਰ 'ਚ ਭਾਰਤ ਦੌਰੇ 'ਤੇ ਆਏ ਸਨ।
ਸਾਊਦੀ ਅਰਬ ਚਾਹੁੰਦਾ ਹੈ ਕਿ ਫੁੱਟਬਾਲ ਲੀਗ ਦੀ ਤਰਜ਼ 'ਤੇ ਆਈ.ਪੀ.ਐੱਲ. ਦਾ ਵਿਸਤਾਰ ਦੂਜੇ ਦੇਸ਼ਾਂ 'ਚ ਹੋਵੇ। ਸਾਊਦੀ ਅਰਬ ਇਸ ਸੌਦੇ ਨੂੰ ਜਲਦੀ ਕਰਨਾ ਚਾਹੁੰਦਾ ਹੈ। ਇਸ ਦੇ ਨਾਲ ਹੀ ਭਾਰਤ ਸਰਕਾਰ ਅਤੇ ਬੀਸੀਸੀਆਈ ਪੂਰੀ ਗੱਲਬਾਤ ਤੋਂ ਬਾਅਦ ਹੀ ਇਸ ਬਾਰੇ ਕੋਈ ਫੈਸਲਾ ਲੈਣਗੇ। ਸੂਤਰਾਂ ਮੁਤਾਬਕ ਸਰਕਾਰ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਬਾਅਦ ਹੀ ਇਸ ਪ੍ਰਸਤਾਵ 'ਤੇ ਫੈਸਲਾ ਕਰੇਗੀ। ਇਸ ਸਮੇਂ ਬੀਸੀਸੀਆਈ ਦੀ ਅਗਵਾਈ ਜੈ ਸ਼ਾਹ ਕਰ ਰਹੇ ਹਨ, ਜੋ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁੱਤਰ ਹਨ।
ਸਲਮਾਨ IPL 'ਚ 5 ਅਰਬ ਡਾਲਰ (ਕਰੀਬ 41 ਹਜ਼ਾਰ ਕਰੋੜ ਰੁਪਏ) ਦਾ ਨਿਵੇਸ਼ ਕਰਨਾ ਚਾਹੁੰਦੇ ਹਨ ਅਤੇ ਲੀਗ ਨੂੰ ਘਰੇਲੂ ਕ੍ਰਿਕਟ ਦੀ ਬਜਾਏ ਗਲੋਬਲ ਕ੍ਰਿਕਟ ਲੀਗ ਬਣਾਉਣਾ ਚਾਹੁੰਦੇ ਹਨ। ਆਈਪੀਐਲ ਦੁਨੀਆ ਦੀਆਂ ਸਭ ਤੋਂ ਵੱਡੀਆਂ ਖੇਡ ਲੀਗਾਂ ਵਿੱਚੋਂ ਇੱਕ ਹੈ। ਬੀਸੀਸੀਆਈ ਨੂੰ ਹਰ ਆਈਪੀਐਲ ਮੈਚ ਤੋਂ ਲਗਭਗ 118 ਕਰੋੜ ਰੁਪਏ ਦੀ ਕਮਾਈ ਹੁੰਦੀ ਹੈ।