ਦਿੱਲੀ (ਦੇਵ ਇੰਦਰਜੀਤ) : ਦੱਖਣੀ ਕੋਰੀਆ, ਚੀਨ ਅਤੇ ਯੂਨਾਈਟੇਡ ਸਟੇਟਸ ’ਚ ਸਭ ਤੋਂ ਪਹਿਲਾਂ 5ਜੀ ਸਰਵਿਸ ਦੀ ਸ਼ੁਰੂਆਤ ਹੋਈ ਸੀ। ਭਾਰਤ ’ਚ ਭਾਂਵੇ ਹੀ ਹਾਲੇ 5ਜੀ ਦੀ ਟੈਸਟਿੰਗ ਸ਼ੁਰੂ ਹੋਣ ਦੀ ਤਿਆਰੀ ਹੋ ਰਹੀ ਹੋਵੇ ਪਰ ਇਹ ਸਰਵਿਸ ਦੁਨੀਆ ਭਰ ਦੇ 68 ਦੇਸ਼ਾਂ ਜਾਂ ਉਨ੍ਹਾਂ ਦੀ ਸਰਹੱਦ ’ਤੇ ਸ਼ੁਰੂ ਹੋ ਚੁੱਕੀ ਹੈ। ਇਸ ’ਚ ਸ਼੍ਰੀਲੰਕਾ, ਓਮਾਨ, ਫਿਲੀਪੀਂਸ, ਨਿਊਜ਼ੀਲੈਂਡ ਵਰਗੇ ਕਈ ਛੋਟੇ ਦੇਸ਼ ਵੀ ਸ਼ਾਮਲ ਹਨ।
ਦੇਸ਼ ’ਚ ਨਵੇਂ ਜ਼ਮਾਨੇ ਦੀ ਕਮਿਊਨੀਕੇਸ਼ਨ ਸੇਵਾ ਭਾਵ 5ਜੀ ਇਸ ਸਾਲ ਸ਼ੁਰੂ ਹੋ ਸਕਦੀ ਹੈ। ਸਰਕਾਰ ਨੇ ਦੇਸ਼ ’ਚ 5ਜੀ ਟ੍ਰਾਇਲ ਲਈ 13 ਅਰਜ਼ੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਕ ਰਿਪੋਰਟ ਮੁਤਾਬਕ 5ਜੀ ਟ੍ਰਾਇਲ ਤੋਂ ਹੁਵਾਵੇ ਅਤੇ ਜੀ. ਟੀ. ਈ. ਵਰਗੀਆਂ ਚਾਈਨੀਜ਼ ਕੰਪਨੀਆਂ ਨੂੰ ਦੂਰ ਰੱਖਿਆ ਗਿਆ ਹੈ। ਟੈਲੀਕਾਮ ਵਿਭਾਗ ਨੂੰ 5ਜੀ ਦੇ ਟ੍ਰਾਇਲ ਲਈ ਕੁਲ 16 ਅਰਜ਼ੀਆਂ ਮਿਲੀਆਂ ਸਨ।
5ਜੀ ਟ੍ਰਾਇਲ ਲਈ ਟੈਲੀਕਾਮ ਕੰਪਨੀਆਂ ਨੂੰ ਛੇਤੀ ਹੀ 700 ਮੈਗਾਹਰਟਜ਼ ਬੈਂਡ ਦੀ ਏਅਰਵੇਵ ਦਿੱਤੀ ਜਾਏਗੀ। ਹਾਲਾਂਕਿ ਇਸ ਦੇ ਨਾਲ ਕੁਝ ਸ਼ਰਤਾਂ ਸ਼ਾਮਲ ਰਹਿਣਗੀਆਂ। ਅਧਿਕਾਰੀ ਮੁਤਾਬਕ ਕੰਪਨੀਆਂ ਨੂੰ ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ’ਚ ਟੈਸਟਿੰਗ ਵਰਗੀਆਂ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ। ਨਾਲ ਹੀ ਨੈੱਟਵਰਕ ਦੀ ਸੁਰੱਖਿਆ ’ਤੇ ਵਿਸ਼ੇਸ਼ ਧਿਆਨ ਦੇਣਾ ਹੋਵੇਗਾ।