11 ਅਤਿਵਾਦੀਆਂ ਵੱਟੇ 3 ਭਾਰਤੀਆਂ ਦੀ ਹੋਈ ਰਿਹਾਈ

by mediateam

ਕਾਬੁਲ (Vikram Sehajpal) : ਅਫ਼ਗ਼ਾਨਿਸਤਾਨ ਦੇ ਅਤਿਵਾਦੀ ਸੰਗਠਨ ਤਾਲਿਬਾਨ ਨੇ ਬੰਦੀ ਬਣਾਏ ਗਏ ਤਿੰਨ ਭਾਰਤੀ ਇੰਜੀਨੀਅਰਾਂ ਨੂੰ ਰਿਹਾਅ ਕਰ ਦਿੱਤਾ ਹੈ। ਇਸ ਦੇ ਬਦਲੇ ਉਸ ਨੇ ਜੇਲ 'ਚ ਬੰਦ ਆਪਣੇ 11 ਅਤਿਵਾਦੀਆਂ ਨੂੰ ਆਜ਼ਾਦ ਕਰਵਾ ਲਿਆ ਹੈ। ਪਾਕਿਸਤਾਨੀ ਮੀਡੀਆ ਰਿਪੋਰਟ ਮੁਤਾਬਕ ਇਹ ਅਦਲਾ-ਬਦਲੀ ਐਤਵਾਰ ਨੂੰ ਕਿਸੇ ਗੁਪਤ ਸਥਾਨ 'ਤੇ ਹੋਈ। ਛੱਡੇ ਗਏ 11 ਅਤਿਵਾਦੀਆਂ 'ਚ ਸ਼ੇਖ ਅਬਦੁਰ ਰਹੀਮ ਅਤੇ ਮੌਲਵੀ ਅਬਦੁਰ ਰਾਸ਼ਿਦ ਸ਼ਾਮਲ ਹਨ। ਦੋਵੇਂ ਅਤਿਵਾਦੀ ਕੁਨੂਰ ਅਤੇ ਨਿਮਰੋਜ਼ ਸੂਬੇ ਲਈ ਤਾਲਿਬਾਨ ਦੇ ਗਵਰਨਰ ਵਜੋਂ ਕੰਮ ਕਰ ਚੁੱਕੇ ਹਨ। ਇਸ ਅਦਲਾ-ਬਦਲੀ ਲਈ ਭਾਰਤੀ ਅਤੇ ਅਫ਼ਗ਼ਾਨ ਅਧਿਕਾਰੀਆਂ ਵਲੋਂ ਕਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।

ਤਾਲਿਬਾਨ ਨੇ ਅਫ਼ਗ਼ਾਨਿਸਤਾਨ ਦੇ ਉੱਤਰੀ ਬਘਲਾਨ ਸੂਬੇ ਸਥਿਤ ਇਕ ਪਾਵਰ ਪਲਾਂਟ 'ਚ ਕੰਮ ਕਰਨ ਵਾਲੇ 7 ਭਾਰਤੀ ਇੰਜੀਨੀਅਰਾਂ ਨੂੰ ਮਈ 2018 'ਚ ਬੰਦੀ ਬਣਾ ਲਿਆ ਸੀ। ਇਨ੍ਹਾਂ 'ਚੋਂ ਇਕ ਨੂੰ ਮਾਰਚ ਮਹੀਨੇ 'ਚ ਛੱਡਿਆ ਗਿਆ ਸੀ ਪਰ ਹੋਰ ਕਿਸੇ ਦੀ ਕੋਈ ਜਾਣਕਾਰੀ ਨਹੀਂ ਮਿਲੀ ਸੀ। ਤਿੰਨ ਭਾਰਤੀ ਇੰਜੀਨੀਅਰਾਂ ਦੀ ਰਿਹਾਈ ਤਾਲਿਬਾਨ ਅਤੇ ਅਮਰੀਕਾ ਵਿਚਕਾਰ ਗੱਲਬਾਤ ਦਾ ਨਤੀਜਾ ਹੈ। ਇਸਲਾਮਾਬਾਦ 'ਚ ਤਾਲਿਬਾਨ ਅਤੇ ਅਮਰੀਕੀ ਵਫ਼ਦ ਵਿਚਕਾਰ ਇਕ ਬੈਠਕ ਹੋਈ, ਜਿਸ 'ਚ ਤਾਲਿਬਾਨ ਦੀ ਹਿਰਾਸਤ 'ਚ ਕੈਦ ਭਾਰਤੀ ਇੰਜੀਨੀਅਰਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਗਿਆ। ਅਮਰੀਕਾ ਵਲੋਂ ਰਾਜ਼ੀਨਾਮੇ ਲਈ ਗੱਲਬਾਤ ਕਰਨ ਵਾਲੇ ਵਫ਼ਦ ਜ਼ਾਲਮੇ ਖਲੀਲਜ਼ਾਦ ਨਾਲ ਹੋਈ ਤਾਲਿਬਾਨ ਦੀ ਬੈਠਕ 'ਚ ਕੈਦੀਆਂ ਦੀ ਅਦਲਾ-ਬਦਲੀ 'ਤੇ ਚਰਚਾ ਹੋਈ ਸੀ।

ਕੈਦੀਆਂ ਦੀ ਅਦਲਾ-ਬਦਲੀ 6 ਅਕਤੂਬਰ ਨੂੰ ਇਕ ਅਣਪਛਾਤੀ ਥਾਂ 'ਤੇ ਕੀਤੀ ਗਈ। ਸੂਤਰਾਂ ਦਾ ਕਹਿਣਾ ਹੈ ਕਿ ਅਫ਼ਗ਼ਾਨ ਤਾਲਿਬਾਨ ਦੇ ਮੈਂਬਰਾਂ ਨੂੰ ਅਮਰੀਕੀ ਫ਼ੌਜ ਵਲੋਂ ਬਗਰਾਮ ਏਅਰਬੇਸ ਤੋਂ ਆਜ਼ਾਦ ਕੀਤਾ ਗਿਆ ਸੀ, ਜਿਸ ਦਾ ਮਤਲਬ ਹੈ ਕਿ ਤਾਲਿਬਾਨ ਅਤੇ ਸੰਯੁਕਤ ਰਾਜ ਅਮਰੀਕਾ ਵਿਚਕਾਰ ਕੈਦੀਆਂ ਦੀ ਅਦਲਾ-ਬਦਲੀ ਦਾ ਸੌਦਾ ਕੀਤਾ ਗਿਆ ਸੀ। ਭਾਰਤੀ ਕੈਦੀਆਂ ਦੀ ਰਿਹਾਈ ਦੀ ਪੁਸ਼ਟੀ ਅਫ਼ਗ਼ਾਨ ਤਾਲਿਬਾਨ ਵਲੋਂ ਕੀਤੀ ਜਾ ਰਹੀ ਹੈ, ਪਰ ਅਫ਼ਗ਼ਾਨ ਸਰਕਾਰ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।